ਨਵੀਂ ਦਿੱਲੀ: ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਬਿਨ੍ਹਾਂ ਨਾਂ ਲਏ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਰਜੇਵਾਲਾ ਨੇ ਟਵੀਟ ਨਾਲ ਕੈਪਸ਼ਨ ਲਿਖਿਆ, ਦੇਸ਼ ਦੇ "ਪੈਸੇ ਦੀ ਲੁੱਟ" ਦੀ ਅਸਲ ਕਹਾਣੀ। ਸੁਰਜੇਵਾਲਾ ਦੇ ਟਵੀਟ ਵਿੱਚ ਕੁੱਲ 17 ਬੈਂਕਾਂ ਦੇ ਨਾਮ ਨਾਲ-ਨਾਲ ਉਨ੍ਹਾਂ ਤੋਂ ਲਏ ਗਏ ਕਰਜ਼ੇ ਦੀ ਰਕਮ ਵੀ ਸ਼ਾਮਲ ਹੈ, ਜੋ ਲਪਭਗ 1,47,350 ਕਰੋੜ ਰੁਪਏ ਹੈ।
ਰਣਦੀਪ ਸੁਰਜੇਵਾਲਾ ਨੇ ਇਸ਼ਾਰਿਆਂ ਵਿੱਚ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪਿਛਲੇ ਸਮੇਂ 'ਚ ਵੀ ਉਹ ਭਾਜਪਾ ਸਰਕਾਰ 'ਤੇ ਹਮਲਾ ਬੋਲਦੇ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਨੇ ਭਾਜਪਾ ਦੇ ਚੋਣ ਮਨੋਰਥ ਪੱਤਰ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਰੁਜ਼ਗਾਰ, ਜੀਐਸਟੀ, ਨੋਟਬੰਦੀ ਵਰਗੇ ਮੁੱਦੇ ਭਾਜਪਾ ਦੇ ਚੋਣ ਮਨੋਰਥ ਪੱਤਰ ਤੋਂ ਗਾਇਬ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਕ ਪਾਸੇ ਹੰਕਾਰੀ ਹਾਕਮ ਹੈ ਤੇ ਦੂਜੇ ਪਾਸੇ ਦੇਸ਼ ਦੀ ਜਨਤਾ ਹੈ। ਨੌਜਵਾਨਾਂ, ਰੁਜ਼ਗਾਰ, ਕਾਲਾ ਧਨ, ਨੋਟਬੰਦੀ ਤੇ ਮੇਕ ਇਨ ਇੰਡੀਆ ਵਰਗੀਆਂ ਯੋਜਨਾਵਾਂ ਦੇ ਨਾਮ ਭਾਜਪਾ ਨੇਤਾਵਾਂ ਦੇ ਭਾਸ਼ਣ ਤੋਂ ਗਾਇਬ ਹਨ।
ਇੱਕ ਬੈਂਕਿੰਗ ਸਿਸਟਮ ਕਿਸੇ ਵੀ ਦੇਸ਼ ਦੀ ਆਰਥਿਕਤਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਬੈਂਕ ਉਹ ਜਗ੍ਹਾ ਹੈ ਜਿੱਥੇ ਹਰ ਕੋਈ ਆਪਣੀ ਛੋਟੀ-ਵੱਡੀ ਸੇਵਿੰਗਜ਼ ਨੂੰ ਬਚਾਉਂਦਾ ਹੈ ਤੇ ਭਵਿੱਖ ਲਈ ਯੋਜਨਾਵਾਂ ਬਣਾਉਂਦਾ ਹੈ। ਹੁਣ ਜ਼ਰਾ ਸੋਚੋ ਕਿ ਤੁਹਾਡੀ ਕਮਾਈ ਤੋਂ ਸਾਲਾਂ ਦੀ ਬਚਤ ਕਰਨ ਤੋਂ ਬਾਅਦ, ਤੁਸੀਂ ਬੈਂਕ 'ਚ ਥੋੜਾ ਜਿਹਾ ਪੈਸਾ ਜਮ੍ਹਾ ਕੀਤਾ ਤੇ ਅਚਾਨਕ ਇਕ ਦਿਨ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਪੈਸਾ ਡੁੱਬ ਗਿਆ ਹੈ। ਦਰਅਸਲ, ਇਹ ਸਥਿਤੀ ਬੈਂਕਿੰਗ ਪ੍ਰਣਾਲੀ ਦੇ ਢਹਿਣ ਕਾਰਨ ਹੁੰਦੀ ਹੈ।