ਜੈਪੁਰ: ਰਾਜਸਥਾਨ ’ਚ ਕੋਰੋਨਾ ਨੇ ਅਜਿਹਾ ਕਹਿਰ ਵਰਤਾਇਆ ਹੈ ਕਿ ਹੁਣ ਬੱਚੇ ਵੀ ਵੱਡੀ ਗਿਣਤੀ ’ਚ ਇਸ ਦੇ ਸ਼ਿਕਾਰ ਹੋ ਰਹੇ ਹਨ। ਡੂੰਗਰਪੁਰ ’ਚ 300 ਤੋਂ ਵੱਧ ਬੱਚੇ ਕੋਵਿਡ-19 ਪੌਜ਼ੇਟਿਵ ਪਾਏ ਗਏ ਹਨ। ਸਿਹਤ ਅਧਿਕਾਰੀ ਇਸ ਹਾਲਤ ਤੋਂ ਫ਼ਿਕਰਮੰਦ ਹਨ ਕਿਉਂਕਿ ਗੁਜਰਾਤ ਦੀ ਸੀਮਾ ਨਾਲ ਲੱਗੇ ਜ਼ਿਲ੍ਹਿਆਂ ਵਿੱਚ ਬੱਚਿਆਂ ’ਚ ਕਈ ਪੌਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ। ਭਾਵੇਂ ਅਧਿਕਾਰੀਆਂ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਪਹਿਲਾਂ ਤੋਂ ਹੀ ਬੱਚਿਆਂ ਵਿੱਚ ਵਾਇਰਸ ਦੀ ਲਾਗ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਹੇ ਹਨ।
ਇੱਕ ਅਧਿਕਾਰੀ ਨੇ ਕਿਹਾ ਕਿ 12 ਮਈ ਤੋਂ 19 ਸਾਲ ਤੱਕ ਦੇ 315 ਬੱਚੇ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ਵਿੱਚ 0-9 ਸਾਲ ਉਮਰ ਵਰਗ ਦੇ 60 ਬੱਚੇ ਪ੍ਰਭਾਵਿਤ ਹੋਏ ਹਨ; ਜਦ ਕਿ 9-19 ਸਾਲ ਉਮਰ ਵਰਗ ਦੇ 255 ਬੱਚੇ ਪੌਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਹਨ ਤੇ ਉਹ ਸਾਡੀ ਬਿਹਤਰ ਨਿਗਰਾਨੀ ਤੇ ਨਿਰੀਖਣ ਉਪਾਵਾਂ ਕਾਰਣ ਸੰਭਵ ਹੋਇਆ ਹੈ। ਸਾਡੇ ਕੋਲ ਵਾਜਬ ਵਿਵਸਥਾ ਹੈ। ਅਸੀਂ ਆਕਸੀਜਨ ਕੰਸੈਟ੍ਰੇਟਰ ਸਥਾਪਤ ਕੀਤੇ ਹਨ। ਬਾਲ ਰੋਗਾਂ ਲਈ ਤੈਅਸ਼ੁਦਾ ਮਾਹਿਰ ਵਾਰਡਾਂ ਦਾ ਵਿਸਥਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ; ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਪਟਿਆ ਜਾ ਸਕੇ।
ਇਸ ਦੌਰਾਨ ਸਨਿੱਚਰਵਾਰ ਨੂੰ ਰਾਜਸਥਾਨ ’ਚ ਕੋਰੋਨਾ ਵਾਇਰਸ ਨੇ 115 ਹੋਰ ਜਾਨਾਂ ਲੈ ਲਈਆਂ ਹਨ। ਇਨ੍ਹਾਂ ਦੇ ਨਾਲ ਹੀ 6,103 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ; ਜਿਸ ਨਾਲ ਹੁਣ ਤੱਕ ਦੀਆਂ ਕੁੱਲ ਮੌਤਾਂ 7,590 ਹੋ ਗਈਆਂ ਹਨ ਤੇ ਕੁੱਲ ਮਾਮਲੇ 9,09,521 ਹੋ ਗਈਆਂ ਹਾਨ। ਇੱਕ ਅਧਿਕਾਰਤ ਰਿਪੋਰਟ ਮੁਤਾਬਕ ਤਾਜ਼ਾ ਅੰਕੜਿਆਂ ਅਨੁਸਾਰ ਸਭ ਤੋਂ ਵੱਧ 21 ਮੌਤਾਂ ਤੇ ਪਾਜ਼ਿਟਿਵ ਮਾਮਲੇ 1,900 ਜੈਪੁਰ ਤੋਂ ਸਾਹਮਣੇ ਆਏ ਹਨ। ਜੋਧਪੁਰ ’ਚ 11 ਮੌਤਾਂ ਦਰਜ ਹੋਈਆਂ ਹਨ।
ਹੁਣ ਤੱਕ ਕੁੱਲ 7,79,601 ਮਰੀਜ਼ ਇਸ ਵਾਇਰਸ ਦੀ ਲਾਗ ਤੋਂ ਠੀਕ ਵੀ ਹੋ ਚੁੱਕੇ ਹਨ। ਇਸ ਵੇਲੇ ਹਸਪਤਾਲਾਂ ਵਿੱਚ 1 ਲੱਖ 22 ਹਜ਼ਾਰ 330 ਮਰੀਜ਼ ਜ਼ੇਰੇ ਇਲਾਜ ਹਨ। ਇਸ ਦੌਰਾਨ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਬਾੜਮੇਰ ਵਿਖੇ ਇੱਕ ਅਣਅਧਿਕਾਰਤ ਡਾਕਟਰ ਨੂੰ ਕਥਿਤ ਤੌਰ ਉੱਤੇ 30 ਬਿਸਤਰਿਆਂ ਦਾ ਫ਼ਰਜ਼ੀ ਹਸਪਤਾਲ ਚਲਾਉਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਦੀ ਸ਼ਨਾਖ਼ਤ ਰਾਜਿੰਦਰ ਸਿੰਘ ਵਜੋਂ ਹੋਈ ਹੈ। ਵਾਰ-ਵਾਰ ਸ਼ਿਕਾਇਤਾਂ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ।
ਐੱਸਡੀਐੱਮ ਨੇ ਕਿਹਾ ਕਿ ਜਦੋਂ ਉਹ ਉੱਥੇ ਪੁੱਜੇ, ਤਾਂ ਇੱਕ ਟੈਂਟ ਹੇਠਾਂ ਕੋਵਿਡ-19 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੱਕ ਟੈਂਟ ਹੇਠਾਂ ਇੱਕ ਬਿਸਤਰੇ ਲਾਉਣੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਹੈ।