ਮੋਗਾ: ਅੱਜਕਲ੍ਹ ਬਹੁਤੇ ਕਿਸਾਨ ਆਰਗੈਨਿਕ ਖੇਤੀ ਵੱਲ ਆ ਰਹੇ ਹਨ। ਆਰਗੈਨਿਕ ਖੇਤੀ ਜਿਥੇ ਸਿਹਤ ਲਈ ਚੰਗੀ ਹੈ ਉਥੇ ਹੀ ਇਸ ਦਾ ਕਿਸਾਨਾਂ ਨੂੰ ਵੀ ਖਾਸਾ ਫਾਇਦਾ ਮਿਲ ਰਿਹਾ ਹੈ। ਮੋਗਾ ਦਾ ਰਹਿਣ ਵਾਲਾ ਇੱਕ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਹਰ ਰੋਜ਼ ਲੱਸੀ ਨੂੰ ਇਕੱਠਾ ਕਰ ਕੇ ਉਸ ਦੀ ਸਪ੍ਰੇ ਫ਼ਸਲ 'ਤੇ ਕਰਦਾ ਹੈ, ਜਿਸ ਨਾਲ ਕਰਨ ਨਾਲ ਫ਼ਸਲ ਦੀ ਪੈਦਾਵਾਰ ਵਧੀਆ ਹੁੰਦੀ ਹੈ।
ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀਆਂ ਸਬਜ਼ੀਆਂ ਵਧੀਆ ਤੇ ਸੁਆਦਿਸ਼ਟ ਹੁੰਦੀਆਂ ਹਨ। ਇਸ ਸਬੰਧੀ ਮੋਗੇ ਦੇ ਪਿੰਡ ਸਾਫੂਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕੇ ਉਹ ਮੁੱਢ ਤੋਂ ਹੀ ਆਪਣੇ ਖੇਤਾਂ 'ਚ ਚਾਵਲ ਤੇ ਕਣਕ ਤੋਂ ਇਲਾਵਾ ਗੰਨਾਂ ਤੇ ਮੱਕੀ ਦੀ ਖੇਤੀ ਕਰਦੇ ਆ ਰਹੇ ਹਨ। ਸ਼ੁਰੂ ਤੋਂ ਹੀ ਉਹ ਇਸ ਵਿੱਚ ਬਜ਼ਾਰੂ ਖਾਦ ਦਾ ਇਸਤਮਾਲ ਬਹੁਤ ਹੀ ਘੱਟ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸਰਕਾਰ ਵਲੋਂ ਦੱਸੀਆਂ ਗਈਆਂ ਖਾਦਾਂ ਦਾ ਹੀ ਇਸਤੇਮਾਲ ਕੀਤਾ ਜਾਵੇ। ਉਹ ਆਪਣੇ ਖੇਤਾਂ 'ਚ ਬਦਾਮ ਅਤੇ ਹੋਰ ਵੀ ਫਲਾਂ ਦੇ ਬੂਟੇ ਲਗਾ ਰਹੇ ਹਨ। ਆਪਣੇ ਵਲੋਂ ਲਗਾਈ ਕਮਾਦ ਤੋਂ ਉਹ ਗੁੜ ਅਤੇ ਸ਼ੱਕਰ ਤਿਆਰ ਕਰਦੇ ਹਨ। ਆਉਣ ਵਾਲੇ ਸਮੇਂ 'ਚ ਹਰ ਤਰ੍ਹਾਂ ਦੀਆਂ ਸਬਜ਼ੀਆਂ ਨੂੰ ਉਹ ਖੁਦ ਆਪਣੇ ਖੇਤਾਂ ਤੇ ਆਰਗੈਨਿਕ ਤਰੀਕੇ ਨਾਲ ਤਿਆਰ ਕਰਨ ਦਾ ਪਲਾਨ ਤਿਆਰ ਕਰ ਰਹੇ ਹਨ।