ਜਲੰਧਰ: ਜ਼ਿਲ੍ਹੇ ਦੇ ਕੋਰੋਨਾ ਦੇ ਤਿੰਨ ਹੋਰ ਪੌਜ਼ੇਟਿਵ (corona positive) ਮਰੀਜ਼ਾਂ ਨੇ ਡਾਕਟਰਾਂ ਦੀ ਮਦਦ ਨਾਲ ਅੱਜ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲਈ। ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਅੱਜ ਇਲਾਜ ਤੋਂ ਬਾਅਦ ਠੀਕ ਹੋਣ ‘ਤੇ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਹੁਣ ਕੋਵਿਡ-19 (covid-19) ‘ਤੇ ਜਿੱਤ ਹਾਸਲ ਕਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।

ਇੱਥੇ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਸ਼ਮੀਰੀ ਲਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਲਾਜ ਕੀਤਾ ਗਿਆ। ਉਨ੍ਹਾਂ ਦੇ ਸੈਂਪਲ ਦੋ ਵਾਰ ਜਾਂਚ ਲਈ ਭੇਜੇ ਗਏ ਅਤੇ ਦੋਵੇਂ ਵਾਰ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ। ਡਾ. ਕਸ਼ਮੀਰੀ ਲਾਲ ਨੇ ਕਿਹਾ ਕਿ ਸਿਵਲ ਹਸਪਤਾਲ ‘ਚ ਤਾਇਨਾਤ ਡਾਕਟਰਾਂ, ਨਰਸਾਂ, ਹੈਲਥ ਵਰਕਰਾਂ ਤੇ ਸਫਾਈ ਮੁਲਾਜ਼ਮਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਇਲਾਜ ‘ਚ ਕੋਈ ਕਮੀ ਨਹੀਂ ਛੱਡੀ ਜਾ ਰਹੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਬੁਲੰਦ ਹੌਸਲੇ ਅਤੇ ਡਾਕਟਰੀ ਅਮਲੇ ਦੀ ਮਿਹਨਤ ਸਦਕਾ ਛੇਤੀ ਹੀ ਸਾਰੇ ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਜਾਣਗੇ। ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਬਾਅਦ ਠੀਕ ਹੋਏ ਮਰੀਜ਼ਾਂ ਨੇ ਪੈਰਾ ਮੈਡੀਕਲ ਅਮਲੇ ਦਾ ਇਲਾਜ ਦੌਰਾਨ ਬਹੁਤ ਚੰਗੀ ਤਰਾਂ ਖਿਆਲ ਰੱਖਣ ਲਈ ਧੰਨਵਾਦ ਕੀਤਾ।

ਇਨ੍ਹਾਂ ਮਰੀਜ਼ਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।