ਨਵੀਂ ਦਿੱਲੀ: ਭਵਿੱਖ ਨੂੰ ਆਕਾਰ ਦੇ ਰਹੇ ਉੱਭਰਦੇ 100 ਨੇਤਾਵਾਂ ਦੀ ‘ਟਾਈਮ ਮੈਗਜ਼ੀਨ’ ਦੀ ਸੂਚੀ ਵਿੱਚ ਇੱਕ ਭਾਰਤੀ ਕਾਰਕੁਨ ਤੇ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿੱਚ ਟਵਿਟਰ ਦੇ ਸੀਨੀਅਰ ਵਕੀਲ ਵਿਜਯਾ ਗਾਡੇ ਤੇ ਇੰਗਲੈਂਡ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਸ਼ਾਮਲ ਹਨ।


 


ਕੱਲ੍ਹ ਜਾਰੀ ਕੀਤੀ ਗਈ ‘2021 ਟਾਈਮ 100 ਨੈਕਸਟ’ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ‘ਟਾਈਮ 100’ ਲੜੀ ਦਾ ਵਿਸਥਾਰ ਹੈ। ਇਸ ਵਿੱਚ 100 ਉੱਭਰਦੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਭਵਿੱਖ ਨੂੰ ਆਕਾਰ ਦੇ ਰਹੇ ਹਨ।


 


ਭਾਰਤੀ ਮੂਲ ਦੀਆਂ ਹੋਰ ਹਸਤੀਆਂ ਵਿੱਚ ‘ਇੰਸਟਾਕਾਰਟ’ ਦੇ ਬਾਨੀ ਤੇ ਸੀਆਈਓ ਅਪੂਰਵਾ ਮਹਿਤਾ ਤੇ ਗ਼ੈਰ ਲਾਭਕਾਰੀ ‘ਗੈੱਟ ਅੱਸ ਪੀਪੀਆਈ’ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼ਿਖਾ ਗੁਪਤਾ ਤੇ ਗ਼ੈਰ ਲਾਭਕਾਰੀ ‘ਅਪਸੌਲਵ’ ਦੇ ਰੋਹਨ ਪਵੁਲੁਰੀ ਸ਼ਾਮਲ ਹਨ।


 


ਇਸ ਸੂਚੀ ਵਿੱਚ ਭੀਮ ਆਰਮੀ ਦੇ 34 ਸਾਲਾ ਮੁਖੀ ਚੰਦਰਸ਼ੇਖਰ ਆਜ਼ਾਦ ਦਾ ਨਾਂਅ ਵੀ ਸ਼ਾਮਲ ਹੈ। ਉਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਉਹ ਦਲਿਤ ਭਾਈਚਾਰੇ ਨੂੰ ਸਿੱਖਾਆ ਰਾਹੀਂ ਗ਼ਰੀਬੀ ’ਚੋਂ ਕੱਢਣ ਵਿੱਚ ਮਦਦ ਲਈ ਸਕੂਲ ਚਲਾਉਂਦੇ ਹਨ ਤੇ ਉਨ੍ਹਾਂ ਰੁਖ਼ ਤੇ ਸਟੈਂਡ ਸਦਾ ਹਮਲਾਵਰ ਰਹਿੰਦਾ ਹੈ।


 


ਉਹ ਬਾਈਕ ਉੱਤੇ ਜਾਤੀ ਆਧਾਰਤ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਰੱਖਿਆ ਲਈ ਪਿੰਡਾਂ ਵਿੱਚ ਜਾਂਦੇ ਹਨ ਤੇ ਭੇਦਭਾਵ ਵਿਰੁੱਧ ਉਤੇਜਕ ਪ੍ਰਦਰਸ਼ਨ ਕਰਵਾਉਂਦੇ ਹਨ। ‘ਭੀਮ ਆਰਮੀ’ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ’ਚ 19 ਸਾਲਾ ਦਲਿਤ ਕੁੜੀ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ ਇਨਸਾਫ਼ ਲਈ ਇੱਕ ਮੁਹਿੰਮ ਚਲਾਈ ਸੀ।


 


ਇਸ ਮੈਗਜ਼ੀਨ ਵਿੱਚ 40 ਸਾਲਾ ਸੁਨਕ ਬਾਰੇ ਕਿਹਾ ਗਿਆ ਹੈ ਕਿ ਉਹ ਇੱਕ ਸਾਲ ਤੋਂ ਵੱਧ ਸਮਾਂ ਬ੍ਰਿਟਿਸ਼ ਸਰਕਾਰ ਵਿੱਚ ਜੂਨੀਅਰ ਮੰਤਰੀ ਰਹੇ ਪਰ ਪਿਛਲੇ ਵਰ੍ਹੇ ਉਨ੍ਹਾਂ ਨੂੰ ਇੰਗਲੈਂਡ ਦਾ ਵਿੱਤ ਮੰਤਰੀ ਬਣਾਇਆ ਗਿਆ।