ਖੰਨਾ: ਦੇਸ਼ ਭਰ 'ਚ ਜਿਵੇਂ ਹੀ ਸੰਪੂਰਨ ਲੌਕਡਾਊਨ ਲੱਗਣ ਦਾ ਖਤਰਾ ਵਧਿਆ, ਉਵੇਂ ਹੀ ਵੱਖ-ਵੱਖ ਮਾਫੀਆ ਵੱਲੋਂ ਆਮ ਜਨਤਾ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ 'ਚ ਟਰਾਂਸਪੋਰਟ ਮਾਫੀਆ ਬਿਨ੍ਹਾਂ ਕਿਸੇ ਖੌਫ ਦੇ ਸਰਕਾਰੀ ਖਜਾਨੇ ਨੂੰ ਚੂਨਾ ਲਾ ਰਿਹਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਦੀਆਂ ਜੇਬਾਂ 'ਤੇ ਵੀ ਡਾਕਾ ਮਾਰ ਰਿਹਾ ਹੈ ਤੇ ਰੋਜ਼ਾਨਾ ਹੀ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ।


 


ਲੌਕਡਾਊਨ ਦੇ ਡਰੋਂ ਯੂਪੀ, ਬਿਹਾਰ 'ਚ ਮੁੜ ਆਪਣੇ ਘਰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ 1500 ਤੋਂ ਲੈ ਕੇ 2500 ਰੁਪਏ ਤੱਕ ਕਿਰਾਇਆ ਵਸੂਲ ਕੇ 60 ਸੀਟਾਂ ਵਾਲੀ ਇੱਕ ਬੱਸ 'ਚ 80 ਤੋਂ 90 ਸਵਾਰੀਆਂ ਭਰ ਕੇ ਲਿਜਾਈਆਂ ਜਾ ਰਹੀਆਂ ਹਨ ਜਿਸ ਨਾਲ ਕੋਰੋਨਾ ਫੈਲਣ ਦਾ ਖਤਰਾ ਵੀ ਵਧ ਰਿਹਾ ਹੈ।


 


ਖੰਨਾ ਵਿੱਚ ਟਰਾਂਸਪੋਰਟ ਮਾਫੀਆ ਦਾ ਪਰਦਾਫਾਸ਼ ਹੋਇਆ। ਹਾਲਾਂਕਿ ਇਸ ਦੌਰਾਨ ਆਰਟੀਓ ਨੇ ਕੁਝ ਬੱਸਾਂ ਕੋਲੋਂ ਜ਼ੁਰਮਾਨਾ ਵਸੂਲਿਆ, ਪਰ ਆਰਟੀਓ ਦੇ ਜਾਣ ਮਗਰੋਂ ਬੱਸਾਂ ਵਾਲੇ ਫਿਰ ਗੈਰ ਕਾਨੂੰਨੀ ਧੰਦਾ ਕਰਨ ਲੱਗ ਪਏ। ਇਹ ਹੀ ਨਹੀਂ ਟਰਾਂਸਪੋਰਟ ਮਾਫੀਆ ਬਿਨ੍ਹਾਂ ਕਿਸੇ ਪਰਮਿਟ ਦੇ ਰੋਜ਼ਾਨਾ ਯੂਪੀ ਬਿਹਾਰ ਦੇ ਗੇੜੇ ਲਾ ਰਹੇ ਹਨ।


 


ਉਨ੍ਹਾਂ ਵੱਲੋਂ ਇੱਕ ਗੇੜੇ 'ਚੋਂ ਕਰੀਬ 1 ਲੱਖ ਰੁਪਏ ਬਚਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖੰਨਾ ਤੋਂ ਲੈ ਕੇ ਯੂਪੀ ਬਿਹਾਰ ਤੱਕ ਪੁਲਿਸ ਦੇ ਕਿੰਨੇ ਨਾਕੇ ਆਉਂਦੇ ਹਨ ਪਰ ਕਦੇ ਵੀ ਕਿਸੇ ਨਾਕੇ 'ਤੇ ਪੁਲਿਸ ਨੇ ਇਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ? ਮਜਬੂਰੀ 'ਚ ਘਰਾਂ ਨੂੰ ਵਾਪਸ ਜਾ ਰਹੇ ਮਜ਼ਦੂਰਾਂ ਨੇ ਕਿਹਾ ਕਿ ਕਿਰਾਇਆ ਵੀ ਪੂਰਾ ਵਸੂਲਿਆ ਜਾ ਰਿਹਾ ਹੈ ਤੇ ਬੱਸਾਂ ਅੰਦਰ ਮੇਜ ਤੱਕ ਲਾ ਕੇ ਬਿਠਾਇਆ ਗਿਆ ਹੈ।


 


ਬੱਸਾਂ ਵਾਲੇ ਪਹਿਲਾਂ ਕਿਰਾਇਆ ਲੈ ਲੈਂਦੇ ਹਨ ਤਾਂ ਕਿ ਕੋਈ ਬੋਲ ਵੀ ਨਾ ਸਕੇ। ਉੱਥੇ ਹੀ ਮਜ਼ਦੂਰਾਂ ਨੇ ਕਿਹਾ ਕਿ ਅਸੀਂ ਪਹਿਲਾ ਹੀ ਲੌਕਡਾਊਨ ਦੌਰਾਨ ਫਸ ਗਏ ਸੀ, ਇਸ ਲਈ ਅਸੀਂ ਆਪਣੇ ਪ੍ਰਦੇਸ ਨੂੰ ਜਾ ਰਹੇ ਹਾਂ। ਉੱਥੇ ਹੀ ਬੱਸਾਂ ਦਾ ਚਾਲਾਨ ਕਰਨ ਪੁੱਜੇ ਲੁਧਿਆਣਾ ਦੇ ਆਰਟੀਓ ਸੰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰੂਟੀਨ ਚੈਕਿੰਗ ਦੌਰਾਨ ਦੇਖਿਆ ਕਿ ਬੱਸਾਂ ਬਾਹਰੀ ਸੂਬਿਆਂ ਨੂੰ ਜਾ ਰਹੀਆਂ ਸੀ। ਇਨ੍ਹਾਂ ਕੋਲ ਕੋਈ ਪਰਮਿਟ ਨਹੀਂ ਹੈ ਜਿਸ ਕਰਕੇ ਚਾਲਾਨ ਕਰਕੇ ਜੁਰਮਾਨਾ ਵਸੂਲਿਆ ਗਿਆ ਹੈ।