ਨਵੀਂ ਦਿੱਲੀ: ਸੰਯੁਕਤ ਰਾਸ਼ਟਰ (United Nations) ਦੇ ਵਰਲਡ ਫੂਡ ਪ੍ਰੋਗਰਾਮ (World food program) ਦੇ ਮੁਖੀ ਡੇਵਿਡ ਬੈਸਲੇ ਨੇ ਵਿਸ਼ਵ ਭਰ ਦੇ ਨੇਤਾਵਾਂ ਨੂੰ ਆਉਣ ਵਾਲੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 2021, 2020 ਨਾਲੋਂ ਵੀ ਬਦਤਰ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕੀ ਅਸੀਂ ਬਹੁਤ ਜ਼ਿਆਦਾ ਭੁੱਖ ਦਾ ਸਾਹਮਣਾ ਕਰਨ ਲਈ ਮਜਬੂਰ ਹੋਵਾਂਗੇ।


ਡੇਵਿਡ ਬੈਸਲੇ ਨੇ ਐਸੋਸੀਏਟਡ ਪ੍ਰੈੱਸ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਨਾਰਵੇਈ ਨੋਬਲ ਕਮੇਟੀ ਉਸ ਕੰਮ ਵੱਲ ਵੇਖ ਰਹੀ ਹੈ ਜੋ ਏਜੰਸੀ ਹਰ ਦਿਨ ਸੰਘਰਸ਼ਾਂ, ਤਬਾਹੀਆਂ ਤੇ ਸ਼ਰਨਾਰਥੀ ਕੈਂਪਾਂ ਵਿੱਚ ਕੰਮ ਕਰਦੀ ਹੈ। ਅਕਸਰ, ਕਰਮਚਾਰੀਆਂ ਨੂੰ ਲੱਖਾਂ ਭੁੱਖੇ ਲੋਕਾਂ ਨੂੰ ਭੋਜਨ ਦੇਣ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣਾ ਪੈਂਦਾ ਹੈ। ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਗਿਆ ਹੈ ਕਿ ਮੁਸ਼ਕਲ ਸਮਾਂ ਅਜੇ ਆਉਣਾ ਬਾਕੀ ਹੈ।


ਬੈਸਲੇ ਨੇ ਅਪ੍ਰੈਲ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਨੂੰ ਦਿੱਤੀ ਚੇਤਾਵਨੀ ਨੂੰ ਯਾਦ ਕੀਤਾ ਕਿ ਜਦੋਂ ਸੰਸਾਰ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਤਾਂ ਦੁਨੀਆ ਭੁੱਖਮਰੀ ਦੇ ਰਾਹ ਪੈ ਗਈ ਹੈ। ਜੇ ਇਸ 'ਤੇ ਕੋਈ ਤੁਰੰਤ ਕਾਰਵਾਈ ਨਾ ਹੋਈ ਤਾਂ ਕੁਝ ਮਹੀਨਿਆਂ ਦੇ ਅੰਦਰ-ਅੰਦਰ ਬਹੁਤ ਵੱਡੇ ਸੰਕਟ ਨੂੰ ਜਨਮ ਦੇ ਸਕਦੀ ਹੈ।




ਬੈਸਲੇ ਨੇ ਕਿਹਾ, 'ਕੋਰੋਨਾ ਵਾਇਰਸ ਦਾ ਸੰਕਰਮਣ ਦੁਨੀਆ ਭਰ ਵਿੱਚ ਇੱਕ ਵਾਰ ਫਿਰ ਵੱਧ ਰਿਹਾ ਹੈ। ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੀ ਆਰਥਿਕਤਾ ਖ਼ਾਸਕਰ ਵਿਗੜ ਰਹੀ ਹੈ। ਇੱਕ ਵਾਰ ਫਿਰ ਲਾਕ ਡਾਊਨ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਪੈਸਾ 2020 ਵਿੱਚ ਮਿਲਦਾ ਸੀ, ਉਹ 2021 ਵਿੱਚ ਉਪਲਬਧ ਨਹੀਂ ਹੋ ਪਾਵੇਗਾ। ਇਸ ਲਈ, ਉਹ ਨੋਬਲ ਦੀ ਵਰਤੋਂ ਨਿੱਜੀ ਤੌਰ 'ਤੇ ਨੇਤਾਵਾਂ ਨੂੰ ਮਿਲਣ ਤੇ ਸੰਸਦ ਨਾਲ ਗੱਲਬਾਤ ਕਰਨ ਤੇ ਇਸ ਦੁਖਦਾਈ ਘਟਨਾ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਵਿਚਾਰ ਕਰਨ ਲਈ ਕਰ ਰਹੇ ਹਨ।


ਬੈਸਲੇ ਨੇ ਕਿਹਾ ਕਿ ਵਰਲਡ ਫੂਡ ਪ੍ਰੋਗਰਾਮ ਨੂੰ ਅਗਲੇ ਸਾਲ 5 ਬਿਲੀਅਨ ਡਾਲਰ ਦੀ ਲੋੜ ਪਏਗੀ ਤਾਂ ਜੋ ਅਕਾਲ ਵਰਗੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸ ਦੇ ਨਾਲ, ਪੂਰੀ ਦੁਨੀਆ ਵਿੱਚ 10 ਬਿਲੀਅਨ ਡਾਲਰ ਦੀ ਜ਼ਰੂਰਤ ਹੋਏਗੀ ਤਾਂ ਜੋ ਕੁਪੋਸ਼ਣ ਨਾਲ ਪੀੜਤ ਬੱਚਿਆਂ ਤੇ ਸਕੂਲ ਦੇ ਦੁਪਹਿਰ ਦੇ ਖਾਣੇ ਲਈ ਏਜੰਸੀ ਦੇ ਗਲੋਬਲ ਪ੍ਰੋਗਰਾਮ ਸਹੀ ਢੰਗ ਨਾਲ ਹੋ ਸਕਣ। ਬੈਸਲੇ ਨੇ ਕਿਹਾ ਕਿ ਅਪ੍ਰੈਲ ਵਿੱਚ 13.5 ਮਿਲੀਅਨ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਵਰਲਡ ਫੂਡ ਪ੍ਰੋਗਰਾਮ ਦਾ ਵਿਸ਼ਲੇਸ਼ਣ ਸੁਝਾਅ ਦਿੰਦਾ ਹੈ ਕਿ 2020 ਦੇ ਅੰਤ ਤਕ, 300 ਮਿਲੀਅਨ ਹੋਰ ਲੋਕ ਭੁੱਖਮਰੀ ਦਾ ਸਾਹਮਣਾ ਕਰ ਸਕਦੇ ਹਨ।