ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ’ਚ ਪਿਛਲੇ ਦਿਨਾਂ ਤੋਂ ਮਾਸਕ ਨਾ ਪਹਿਨਣ ’ਤੇ ਪੁਲਿਸ ਨੇ ਇੱਕ ਨੌਜਵਾਨ ਉੱਤੇ ਥਰਡ ਡਿਗਰੀ ਤਸ਼ੱਦਦ ਢਾਹੁਣ ਤੇ ਉਸ ਦੇ ਹੱਥਾਂ-ਪੈਰਾਂ ਵਿੱਚ ਕਿੱਲਾਂ ਠੋਕਣ ਦਾ ਮਾਮਲਾ ਭਖਿਆ ਹੋਇਆ ਹੈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਪੁੱਛਗਿੱਛ ਤੇ ਛਾਣਬੀਣ ਦੌਰਾਨ ਨੌਜਵਾਨ ਨੇ ਕਬੂਲ ਕੀਤਾ ਹੈ ਕਿ ਮੁਕੱਦਮੇ ਤੋਂ ਬਚਣ ਲਈ ਉਸ ਨੇ ਆਪ ਹੀ ਆਪਣੇ ਸਰੀਰ ਵਿੱਚ ਕਿੱਲਾਂ ਠੋਕ ਲਈਆਂ ਸਨ।

 

ਬਰੇਲੀ ਪੁਲਿਸ ਨੇ ਹੁਣ ਇੱਕ ਵੀਡੀਓ ਜਾਰੀ ਕੀਤਾ ਹੈ; ਜਿਸ ਵਿੱਚ ਨੌਜਵਾਨ ਇਹ ਗੱਲ ਮੰਨ ਰਿਹਾ ਹੈ ਕਿ ਉਸ ਨੇ ਦੋਸਤਾਂ ਨਾਲ ਮਿਲ ਕੇ ਇੱਕ ਬੰਦ ਕਾਰਖਾਨੇ ਅੰਦਰ ਖ਼ੁਦ ਨੂੰ ਕਿੱਲਾਂ ਠੋਕ ਕੇ ਜ਼ਖ਼ਮੀ ਕਰ ਲਿਆ ਸੀ। ਉਸ ਨੇ ਆਪਣੇ ਦੋਸਤਾਂ ਦੇ ਨਾਂ ਨਹੀਂ ਦੱਸੇ।

 

ਦਰਅਸਲ, ਬਾਰਾਂਦਰੀ ਦੇ ਜੋਗੀ ਨਵਾਦਾ ਦੇ ਵਸਨੀਕ ਸ਼ੀਲਾ ਦੇਵੀ ਬੁੱਧਵਾਰ ਨੂੰ ਆਪਣੇ ਪੁੱਤਰ ਰਣਜੀਤ ਨੂੰ ਲੈ ਕੇ ਐਸਐਸਪੀ ਦਫ਼ਤਰ ਪੁੱਜੇ ਸਨ। ਉਨ੍ਹਾਂ ਲਿਖਤੀ ਬਿਨੈ-ਪੱਤਰ ਦਿੰਦਿਆਂ ਪੁਲਿਸ ਅਧਿਕਾਰੀਆਂ ਉੱਤੇ ਆਪਣੇ ਪੁੱਤਰ ਉੱਤੇ ਹਿਰਾਸਤ ਵਿੱਚ ਤਸ਼ੱਦਦ ਢਾਹੁਣ ਤੇ ਸਰੀਰ ਵਿੱਚ ਕਿੱਲਾਂ ਠੋਕਣ ਦੀ ਸ਼ਿਕਾਇਤ ਕੀਤੀ ਸੀ।

 

ਇਸ ਤੋਂ ਬਾਅਦ ਐਸਐਸਪੀ ਦਫ਼ਤਰ ਵਿੱਚ ਭਾਜੜ ਮੱਚ ਗਈ। ਮਾਂ ਸ਼ੀਲਾ ਅਨੁਸਾਰ ਬੀਤੀ 24 ਮਈ ਦੀ ਰਾਤ ਨੂੰ ਲਗਪਗ 10 ਵਜੇ ਉਨ੍ਹਾਂ ਦਾ ਪੁੱਤਰ ਰਣਜੀਤ ਘਰ ਤੋਂ ਬਾਹਰ ਘੁੰਮ ਰਿਹਾ ਸੀ। ਉਸ ਨੇ ਮਾਸਕ ਨਹੀਂ ਲਾਇਆ ਸੀ, ਤਦ ਹੀ ਤਿੰਨ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤੇ ਉੱਥੇ ਕੁਝ ਬਹਿਸਬਾਜ਼ੀ ਹੋ ਗਈ।

 

ਦੋਸ਼ ਹੈ ਕਿ ਮਾਸਕ ਨਾ ਲੱਗਿਆ ਹੋਣ ਕਾਰਣ ਪੁਲਿਸ ਰਣਜੀਤ ਨੂੰ ਜੋਗੀ ਨਵਾਦਾ ਚੌਕੀ ’ਚ ਲੈ ਗਈ। ਮਾਂ ਦੋ ਦਿਨਾਂ ਤੱਕ ਆਪਣੇ ਪੁੱਤਰ ਨੂੰ ਲੱਭਦੀ ਰਹੀ ਪਰ ਉਸ ਦਾ ਕੁਝ ਥਹੁ-ਪਤਾ ਨਹੀਂ ਲੱਗਾ। ਬੁੱਧਵਾਰ ਨੂੰ ਉਸ ਦਾ ਪੁੱਤਰ ਰਣਜੀਤ ਸੜਕ ਕੰਢੇ ਜ਼ਖ਼ਮੀ ਹਾਲਤ ਵਿੱਚ ਪਿਆ ਮਿਲਿਆ। ਉਸ ਦੇ ਦੋਵੇਂ ਹੱਥਾਂ ਤੇ ਪੈਰਾਂ ਵਿੱਚ ਕਿੱਲਾਂ ਠੁਕੀਆਂ ਹੋਈਆਂ ਸਨ। ਤਦ ਸ਼ੀਲਾ ਆਪਣੇ ਪੁੱਤਰ ਨੂੰ ਲੈ ਕੇ ਐਸਐਸਪੀ ਰੋਹਿਤ ਸਿੰਘ ਸਜਵਾਣ ਦੇ ਦਫ਼ਤਰ ਪੁੱਜੇ।

 

ਐਸਐਸਪੀ ਰੋਹਿਤ ਸਿੰਘ ਸਜਵਾਣ ਨੇ ਦੱਸਿਆ ਕਿ ਰਣਜੀਤ ਵਿਰੁੱਧ ਸਾਲ 2019 ’ਚ ਮੂਰਤੀ ਤੋੜਨ ਦਾ ਮੁਕੱਦਮਾ ਦਰਜ ਹੈ। ਬਗ਼ੈਰ ਮਾਸਕ ਫੜੇ ਜਾਣ ’ਤੇ ਦੋ ਦਿਨ ਪਹਿਲਾਂ ਉਸ ਵਿਰੁੱਧ ਬਾਰਾਂਦਰੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ।