ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਇੱਕ ਵਾਰ ਫਿਰ ਤੋਂ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਵਾਰ ਉਹ ਸ਼ਿਵ ਸੈਨਾ ਦਾ ਪੱਲਾ ਫੜਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਰਮਿਲਾ ਸੋਮਵਾਰ ਨੂੰ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਤੋਂ ਪਹਿਲਾਂ ਅਭਿਨੇਤਰੀ ਕਾਂਗਰਸ 'ਚ ਸ਼ਾਮਲ ਹੋ ਗਈ ਸੀ, ਪਰ ਉਸ ਨੇ ਪਾਰਟੀ 'ਤੇ ਦੋਸ਼ ਲਾਏ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਕਿ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ।


ਇਹ ਪਹਿਲਾ ਮੌਕਾ ਨਹੀਂ ਜਦੋਂ ਉਰਮਿਲਾ ਰਾਜਨੀਤੀ 'ਚ ਆਪਣਾ ਹੱਥ ਅਜ਼ਮਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ, ਉਰਮਿਲਾ ਨੇ ਸਾਲ 2019 'ਚ ਹੋਈਆਂ ਲੋਕ ਸਭਾ ਚੋਣਾਂ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਸੀ, ਜਿਸ ਲਈ ਉਹ ਕਾਂਗਰਸ 'ਚ ਸ਼ਾਮਲ ਹੋਈ ਸੀ। ਇਸ ਦੇ ਨਾਲ ਹੀ, ਉਰਮਿਲਾ ਨੇ ਕਾਂਗਰਸ ਦੀ ਤਰਫੋਂ ਉੱਤਰੀ ਮੁੰਬਈ ਸੀਟ ਤੋਂ ਚੋਣ ਲੜੀ ਪਰ ਉਹ ਭਾਜਪਾ ਦੇ ਗੋਪਾਲ ਸ਼ੈਟੀ ਤੋਂ ਹਾਰ ਗਈ।




ਮਹੀਨੇ ਦੀ ਸ਼ੁਰੂਆਤ ਵਿੱਚ, ਇੱਕ ਖਬਰ ਮਿਲੀ ਸੀ ਕਿ ਮਹਾਰਾਸ਼ਟਰ ਸਰਕਾਰ ਨੇ ਉਰਮਿਲਾ ਮਾਤੋਂਡਕਰ ਨੂੰ ਵਿਧਾਨ ਸਭਾ ਦਾ ਮੈਂਬਰ ਬਣਾਉਣ ਲਈ ਉਨ੍ਹਾਂ ਦਾ ਨਾਂ ਰਾਜਪਾਲ ਭਗਤ ਸਿੰਘ ਕੋਸ਼ਰੀ ਨੂੰ ਭੇਜਿਆ ਹੈ। ਮਹਾਰਾਸ਼ਟਰ ਸਰਕਾਰ ਨੇ ਬੰਦ ਲਿਫਾਫੇ 'ਚ ਵਿਧਾਨ ਸਭਾ ਦਾ ਮੈਂਬਰ ਬਣਾਉਣ ਲਈ ਰਾਜਪਾਲ ਨੂੰ 12 ਨਾਵਾਂ ਦੀ ਸੂਚੀ ਭੇਜ ਦਿੱਤੀ ਸੀ, ਜਿਸ ਵਿੱਚ ਉਰਮਿਲਾ ਮੰਤੋਡਕਰ ਦਾ ਨਾਮ ਵੀ ਸ਼ਾਮਲ ਸੀ। ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ਉਰਮਿਲਾ ਦੇ ਨਾਮ ਦੇ ਨਾਲ ਨਾਲ ਇੱਕਨਾਥ ਖੱਡੇ ਤੇ ਰਜਨੀ ਪਾਟਿਲ ਸਮੇਤ ਕਈ ਹੋਰ ਲੋਕਾਂ ਦੇ ਨਾਮ ਸ਼ਾਮਲ ਹਨ।




ਜਾਣਕਾਰੀ ਅਨੁਸਾਰ ਮਹਾਰਾਸ਼ਟਰ ਸਰਕਾਰ ਵਿੱਚ ਗੱਠਜੋੜ ਵਿੱਚ ਸ਼ਾਮਲ ਤਿੰਨ ਪਾਰਟੀਆਂ- ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਨੇ 4-4 ਲੋਕਾਂ ਦੇ ਨਾਮ ਰਾਜਪਾਲ ਨੂੰ ਭੇਜੇ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਦਾ ਮੈਂਬਰ ਬਣਾਇਆ ਜਾਣਾ ਹੈ। ਇਨ੍ਹਾਂ ਵਿੱਚੋਂ ਸ਼ਿਵ ਸੈਨਾ ਨੇ ਉਰਮਿਲਾ ਦਾ ਨਾਮ ਆਪਣੀ 4 ਨਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।