ਵਾਸ਼ਿੰਗਟਨ: ਪੂਰੀ ਦੁਨੀਆ ਹਾਲੇ ਵੀ ਧਰਤੀ ਜਾਂ ਕਿਸੇ ਹੋਰ ਗ੍ਰਹਿ ਉੱਤੇ ‘ਏਲੀਅਨਜ਼’ ਦੀ ਮੌਜੂਦਗੀ ਬਾਰੇ ਕੁਝ ਵੀ ਨਹੀਂ ਜਾਣ ਸਕੀ। ਇਹੋ ਕਾਰਨ ਹੈ ਕਿ ਇਨਸਾਨਾਂ ਲਈ ‘ਏਲੀਅਨਜ਼’ ਭਾਵ ‘ਕਿਸੇ ਦੂਜੇ ਗ੍ਰਹਿ ਦੇ ਨਿਵਾਸੀ’ ਸਦਾ ਤੋਂ ਹੀ ਉਤਸੁਕਤਾ ਦਾ ਵਿਸ਼ਾ ਰਹੇ ਹਨ। ਅਜਿਹੇ ਕੋਈ ਨਿਵਾਸੀ ਹਨ ਵੀ ਜਾਂ ਨਹੀਂ, ਇਸ ਦਾ ਵੀ ਹਾਲੇ ਤੱਕ ਕੋਈ ਸਬੂਤ ਨਹੀਂ ਮਿਲ ਸਕਿਆ ਪਰ ਇਜ਼ਰਾਇਲ ਦੇ ਇੱਕ ਪੁਲਾੜ ਸੁਰੱਖਿਆ ਪ੍ਰੋਗਰਾਮ ਦੇ ਸਾਬਕਾ ਮੁਖੀ ਹਾਈਮ ਇਸ਼ੇਦ ਨੇ ਦਾਅਵਾ ਕੀਤਾ ਕਿ ‘ਏਲੀਅਨਜ਼’ ਅਸਲ ਵਿੱਚ ਹੁੰਦੇ ਹਨ ਤੇ ਅਮਰੀਕਾ ਤੋਂ ਇਲਾਵਾ ਇਜ਼ਰਾਇਲ ਨਾਲ ਉਹ ਗੁਪਤ ਤੌਰ ’ਤੇ ਸੰਪਰਕ ਵਿੱਚ ਹਨ।
ਕੁਝ ਦਿਨ ਪਹਿਲਾਂ ‘ਜੇਰੂਸਲੇਮ ਪੋਸਟ’ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਪੁਲਾੜ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਤੇ ਇਜ਼ਰਾਇਲ ਲੰਮੇ ਸਮੇਂ ਤੋਂ ਏਲੀਅਨਜ਼ ਨਾਲ ਮਿਲ ਕੇ ਕੰਮ ਕਰ ਰਹੇ ਹਨ ਪਰ ਹਾਲੇ ਉਨ੍ਹਾਂ ਦੀ ਹੋਂਦ ਇਸ ਲਈ ਭੇਤ ਬਣੀ ਹੋਈ ਹੈ ਕਿਉਂਕਿ ਇਨਸਾਨ ਹਾਲੇ ਇਸ ਲਈ ਤਿਆਰ ਨਹੀਂ ਹਨ। ਉਨ੍ਹਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਏਲੀਅਨਜ਼ ਦਾ ਆਪਣਾ ‘ਗੈਲੇਕਟਿਕ ਫ਼ੈਡਰੇਸ਼ਨ’ ਨਾਂ ਦਾ ਸੰਗਠਨ ਵੀ ਹੈ।
ਸਾਲ 1981 ਤੋਂ 2010 ਤੱਕ ਇਜ਼ਰਾਇਲ ਦੇ ਪੁਲਾੜ ਸੁਰੱਖਿਆ ਪ੍ਰੋਗਰਾਮ ਨਾਲ ਕੰਮ ਕਰਨ ਵਾਲੇ ਹਾਈਮ ਇਸ਼ੇਦ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਏਲੀਅਨਜ਼ ਦੀ ਮੌਜੂਦਗੀ ਬਾਰੇ ਦੁਨੀਆ ਨੂੰ ਦੱਸਣ ਵਾਲੇ ਸਨ ਪਰ ‘ਗੈਲੇਕਟਿਕ ਫ਼ੈਡਰੇਸ਼ਨ’ ਨੇ ਉਨ੍ਹਾਂ ਨੂੰ ਇੰਝ ਕਰਨ ਤੋਂ ਰੋਕ ਦਿੱਤਾ ਸੀ। ਉਹ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦਾ ਸਮੂਹ ਪਾਗਲਪਣ ਪੈਦਾ ਨਹੀਂ ਕਰਨਾ ਚਾਹੁੰਦੇ; ਇਸੇ ਲਈ ਉਨ੍ਹਾਂ ਨੂੰ ਵਰਜਿਆ ਗਿਆ ਸੀ। ਪੁਲਾੜ ਵਿਗਿਆਨੀ ਨੇ ਇਹ ਦਾਅਵਾ ਵੀ ਕੀਤਾ ਕਿ ਏਲੀਅਨਜ਼ ਤੇ ਅਮਰੀਕੀ ਸਰਕਾਰ ਵਿਚਾਲੇ ਇੱਕ ਸਮਝੌਤਾ ਵੀ ਹੋਇਆ ਸੀ। ਉਹ ਇਸ ਧਰਤੀ ਉੱਤੇ ਰਾਜ ਕਰਨਾ ਚਾਹੁੰਦੇ ਹਨ।