ਕਾਬੁਲ: ਕਾਬੁਲ ਦੇ ਹਵਾਈ ਅੱਡੇ ਉੱਤੇ ਗੋਲੀਬਾਰੀ ਦੌਰਾਨ ਪੰਜ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਸ ਤੋਂ ਬਾਅਦ ਉੱਥੇ ਭਾਜੜਾਂ ਮਚ ਗਈਆਂ। ਫ਼ਿਲਹਾਲ ਸਾਰੀਆਂ ਕੌਮੀ ਤੇ ਕੌਮਾਂਤਰੀ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਮੁਕੰਮਲ ਕਬਜ਼ੇ ਦੌਰਾਨ ਹਜ਼ਾਰਾਂ ਲੋਕਾਂ ਨੇ ਕਾਬੁਲ ਨੂੰ ਛੱਡ ਕੇ ਦੂਜੇ ਦੇਸ਼ ਜਾਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਖ਼ਬਰ ਏਜੰਸੀ ਏਐਫਪੀ ਦੇ ਸੂਤਰਾਂ ਅਨੁਸਾਰ ਸੋਮਵਾਰ ਸਵੇਰੇ ਕਾਬੁਲ ਹਵਾਈ ਅੱਡੇ 'ਤੇ ਹਜ਼ਾਰਾਂ ਲੋਕਾਂ ਵਿਚਕਾਰ ਹੰਗਾਮਾ ਹੋਇਆ, ਜਿਸ ਤੋਂ ਬਾਅਦ ਅਮਰੀਕੀ ਫੌਜ ਨੇ ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀਬਾਰੀ ਕੀਤੀ। ਇੱਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੂੰ ਇਹ ਵੇਖ ਕੇ ਬਹੁਤ ਬੁਰਾ ਲੱਗਾ ਕਿ ਕੋਈ ਚੇਤਾਵਨੀ ਦੇਣ ਲਈ ਹਵਾ ਵਿੱਚ ਗੋਲੀਆਂ ਚਲਾ ਰਿਹਾ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਐਤਵਾਰ ਨੂੰ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ, ਪੂਰਾ ਅਫਗਾਨਿਸਤਾਨ ਹੁਣ ਤਾਲਿਬਾਨ ਦੇ ਸ਼ਾਸਨ ਅਧੀਨ ਆ ਗਿਆ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਗੁਆਂਢੀ ਦੇਸ਼ ਤਾਜਿਕਸਤਾਨ ਵਿੱਚ ਪਨਾਹ ਲਈ ਹੋਈ ਹੈ। ਇਸ ਦੇ ਨਾਲ ਹੀ ਤਾਲਿਬਾਨ ਦੇ ਹਥਿਆਰਬੰਦ ਮੈਂਬਰਾਂ ਵੱਲੋਂ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।
ਸੋਮਵਾਰ ਦੀ ਸਵੇਰ ਨੂੰ ਵੀ, ਹਜ਼ਾਰਾਂ ਲੋਕ ਕਾਬੁਲ ਤੋਂ ਬਾਹਰ ਜਾ ਰਹੇ ਸਨ। ਹਰ ਵਾਹਨ 'ਤੇ 20-25 ਲੋਕ ਕਿਸੇ ਨਾ ਕਿਸੇ ਢੰਗ ਨਾਲ ਸੁਰੱਖਿਅਤ ਪਨਾਹ ਲਈ ਤਿਆਰੀਆਂ ਕਰਦੇ ਦੇਖੇ ਗਏ। ਕਾਬੁਲ ਹਵਾਈ ਅੱਡੇ 'ਤੇ ਵੀ ਭਾਰੀ ਭੀੜ ਹੈ ਅਤੇ ਲੋਕ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਖਾਲੀ ਕਰਨ ਦੀ ਬੇਨਤੀ ਕਰ ਰਹੇ ਹਨ।
ਇਸ ਦੇ ਨਾਲ ਹੀ ਅਮਰੀਕਾ ਨੇ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੜਕਾਂ, ਹਵਾਈ ਅੱਡਿਆਂ ਤੇ ਸਰਹੱਦ ਦੇ ਪ੍ਰਵੇਸ਼ ਮਾਰਗਾਂ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਏ। ਅਮਰੀਕਾ ਦੀ ਅਗਵਾਈ ਵਾਲੇ 65 ਦੇਸ਼ਾਂ ਨੇ ਇਸ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ।
ਅਮਰੀਕਾ, ਬ੍ਰਿਟੇਨ, ਫਰਾਂਸ ਸਮੇਤ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਲਈ ਵਿਸ਼ੇਸ਼ ਉਡਾਣਾਂ ਚਲਾ ਰਹੇ ਹਨ। ਭਾਰਤ ਨੇ ਐਤਵਾਰ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਆਪਣੇ ਸਾਰੇ ਨਾਗਰਿਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ। ਬਹੁਤ ਸਾਰੇ ਲੋਕਾਂ ਨੇ ਮਨੁੱਖਤਾ ਦੇ ਅਧਾਰ ਤੇ ਅਮਰੀਕਾ ਅਤੇ ਹੋਰ ਗਠਜੋੜ ਫੌਜ ਦੇ ਦੇਸ਼ਾਂ ਨੂੰ ਪਨਾਹ ਦੇਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਦੇਸ਼ ’ਚ ਫੈਲੀ ਅਰਾਜਕਤਾ ਨੂੰ ਰੋਕਣ ਲਈ ਕਾਬੁਲ ਵਿੱਚ ਦਾਖਲ ਹੋਇਆ ਹੈ। ਇਸ ਦੇ ਨਾਲ ਹੀ, ਉਸ ਨੇ ਲੋਕਾਂ ਨੂੰ ਨਾ ਡਰਨ ਲਈ ਕਿਹਾ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰ ਵੀ ਦੇਸ਼ ਛੱਡ ਚੁੱਕੇ ਹਨ।
ਦੂਜੇ ਪਾਸੇ, ਤਾਲਿਬਾਨੀ ਵਿਦਰੋਹੀਆਂ ਤੋਂ ਡਰਦੇ ਹੋਏ ਨਾਗਰਿਕ ਅਫਗਾਨਿਸਤਾਨ ਤੋਂ ਭੱਜ ਕੇ ਭਾਰਤ ਆ ਰਹੇ ਹਨ ਜਾਂ ਦੂਜੇ ਦੇਸ਼ਾਂ ਵਿੱਚ ਪਨਾਹ ਲੈ ਰਹੇ ਹਨ। ਤਾਲਿਬਾਨ ਲੜਾਕਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ਨੂੰ ਲੈ ਕੇ ਪੂਰੀ ਦੁਨੀਆ ਚਿੰਤਤ ਹੈ। ਅਫਗਾਨਿਸਤਾਨ ਦੀ ਸਥਿਤੀ ਸਬੰਧੀ ਭਾਰਤੀ ਸਮੇਂ ਅਨੁਸਾਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੈਠਕ ਸ਼ਾਮ 7.30 ਵਜੇ ਹੋਣ ਜਾ ਰਹੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਇਹ ਵੀ ਪੜ੍ਹੋ: Sushmita Dev quits: ਕਾਂਗਰਸ ਨੂੰ ਵੱਡਾ ਝਟਕਾ! ਸੀਨੀਅਰ ਲੀਡਰ ਨੇ ਛੱਡੀ ਪਾਰਟੀ, ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin