ਲੁਧਿਆਣਾ: ਕੋਰੋਨਾਵਾਰਿਸ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਇਤਿਹਾਤ ਦੇ ਤੌਰ ‘ਤੇ ਸਬਜ਼ੀ ਮੰਡੀਆਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਉੱਥੇ ਹੀ ਇਸ ਫੈਸਲੇ ਤੋਂ ਬਾਅਦ ਲੋਕਾਂ ‘ਚ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕ ਸਬਜ਼ੀਆਂ ਦਾ ਸਟਾਕ ਇਕੱਠਾ ਕਰਨ ਲੱਗ ਗਏ ਹਨ। ਉਧਰ ਇਸ ਫ਼ੈਸਲੇ ਤੋਂ ਬਾਅਦ ਸਬਜ਼ੀ ਵਿਕਰੇਤਾਵਾਂ ਨੇ ਵੀ ਸਬਜ਼ੀ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ।

ਏਬੀਪੀ ਸਾਂਝਾ ਦੀ ਟੀਮ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਹਾਲ ਵੇਖਣ ਗਈ ਤਾਂ ਇੱਥੇ ਸਬਜ਼ੀਆਂ ਦੀਆਂ ਕੀਮਤਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ। ਲੁਧਿਆਣਾ ਸਬਜ਼ੀ ਮੰਡੀ ਦਾ ਦੌਰਾ ਜਦੋਂ ਸਾਡੀ ਟੀਮ ਵੱਲੋਂ ਕੀਤਾ ਗਿਆ ਤਾਂ ਲੋਕ ਸਬਜ਼ੀਆਂ ਦਾ ਸਟਾਕ ਇਕੱਠੇ ਕਰਦੇ ਦਿਖਾਈ ਦਿੱਤੇ। ਸਬਜ਼ੀ ਖਰੀਦਣ ਆਏ ਲੋਕਾਂ ਨੇ ਦੱਸਿਆ ਕਿ ਸਬਜ਼ੀ ਦੀਆਂ ਕੀਮਤਾਂ ਜਾਣਬੁੱਝ ਕੇ ਦੁਕਾਨਦਾਰਾਂ ਵੱਲੋਂ ਵਧਾ ਦਿੱਤੀਆਂ ਦੀਆਂ ਨ ਤੇ ਹਰ ਚੀਜ਼ ਦੁੱਗਣੀ ਕੀਮਤ ‘ਤੇ ਮਿਲ ਰਹੀ ਹੈ।

ਉਧਰ ਇਸ ਸਬੰਧੀ ਜਦੋਂ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੀਮਤਾਂ ਪਿੱਛੋਂ ਹੀ ਵਧੀਆ ਨੇ। ਸਬਜ਼ੀ ਵਿਕਰੇਤਾਵਾਂ ਨੇ ਕਿਹਾ ਕਿ ਬਹੁਤੀ ਮਹਿੰਗਾਈ ਨਹੀਂ ਹੋਈ ਪਰ 10-15 ਰੁਪਏ ਤੱਕ ਜ਼ਰੂਰ ਸਬਜ਼ੀਆਂ ਦੀ ਕੀਮਤਾਂ ‘ਚ ਇਜ਼ਾਫਾ ਹੋਇਆ ਹੈ।

ਇਸ ਬਾਰੇ ਜਦੋਂ ਸਬਜ਼ੀ ਮੰਡੀ ਦੇ ਅਧਿਕਾਰੀਆਂ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕੀਮਤਾਂ ਨਹੀਂ ਵਧੀਆ ਪਰ ਜੇਕਰ ਕੋਈ ਸਬਜ਼ੀ ਮਹਿੰਗੀ ਵੇਚ ਰਿਹਾ ਹੈ ਤਾਂ ਉਸ ‘ਤੇ ਕਾਰਵਾਈ ਹੋਵੇਗੀ।