ਕੇਂਦਰ ਵਿੱਚ ਸੱਤਾਧਾਰੀ ਭਾਜਪਾ ਸੀਏਏ ਦੇ ਹੱਕ 'ਚ ਇੱਕ ਮੁਹਿੰਮ ਚਲਾ ਰਹੀ ਹੈ, ਜਦਕਿ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਲਗਾਤਾਰ ਸੀਏਏ ਵਿਰੁੱਧ ਰੋਡ ਸ਼ੋਅ ਕਰ ਰਹੀ ਹੈ। ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਸੀਏਏ, ਐਨਪੀਆਰ ਅਤੇ ਐਨਆਰਸੀ ਵਾਪਸ ਲੈਣ ਲਈ ਕਿਹਾ ਹੈ।
ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਪਹੁੰਚੇ ਤਾਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੋਲਕਾਤਾ ਏਅਰਪੋਰਟ ਦੇ ਬਾਹਰ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਕੀਤਾ। ਟੀਐਮਸੀ ਦੀ ਵਿਦਿਆਰਥੀ ਇਕਾਈ, ਯੂਥ ਕਾਂਗਰਸ ਅਤੇ ਐਸਐਫਆਈ ਦੇ ਵਰਕਰਾਂ ਨੇ ਪੀਐਮ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਸ਼ਹਿਰ 'ਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ
ਪ੍ਰਧਾਨ ਮੰਤਰੀ ਦਾ ਅੱਜ ਹਵਾਈ ਅੱਡੇ 'ਤੇ ਰਾਜਪਾਲ ਜਗਦੀਪ ਧਨਖੜ, ਰਾਜ ਮੰਤਰੀ ਫਰਹਦ ਹਕੀਮ, ਭਾਜਪਾ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਅਤੇ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਨੇ ਸਵਾਗਤ ਕੀਤਾ। ਪੀਐਮ ਮੋਦੀ ਆਪਣੀ ਦੋ ਦਿਨਾਂ ਯਾਤਰਾ ਦੇ ਹਿੱਸੇ ਵਜੋਂ ਕੋਲਕਾਤਾ ਪੋਰਟ ਟਰੱਸਟ ਦੀ 150 ਵੀਂ ਵਰ੍ਹੇਗੰਢ ਸਮਾਰੋਹ 'ਚ ਸ਼ਾਮਲ ਹੋਣਗੇ।
ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਹਾਵੜਾ ਜ਼ਿਲ੍ਹੇ 'ਚ ਰਾਮਕ੍ਰਿਸ਼ਨ ਮਿਸ਼ਨ ਦੇ ਮੁੱਖ ਦਫ਼ਤਰ ਬੈਲੂਰ ਮੱਠ 'ਚ ਰਾਤ ਕੱਟ ਸਕਦੇ ਹਨ। ਮਿਸ਼ਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੇ ਮੋਦੀ ਮੱਠ 'ਚ ਰਾਤ ਬਤੀਤ ਕਰਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ।