ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ 'ਚ ਦੁਆਬਾ ਦੇ ਲੋਕਾਂ ਨੇ 23 ਵਿੱਚੋਂ 15 ਸੀਟਾਂ ਦੇ ਕੇ ਕਾਂਗਰਸ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦਾ ਬਦਲਾ ਮੋੜਦਿਆਂ ਆਪਣੇ ਨੌਂ ਰਤਨਾਂ (ਮੰਤਰੀਆਂ) 'ਚੋਂ ਇੱਕ ਦੁਆਬਾ ਤੋਂ ਚੁਣਿਆ ਸੀ। ਹੁਣ ਜੇਕਰ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਤਾਂ ਦੁਆਬਾ ਤੋਂ ਅਗਲਾ ਮੰਤਰੀ ਕੌਣ ਹੋਵੇਗਾ? ਇਹ ਸਵਾਲ ਕਈ ਕਾਂਗਰਸੀ ਲੀਡਰਾਂ ਨੂੰ ਤੰਗ ਕਰ ਰਿਹਾ ਹੈ। ਦੁਆਬਾ ਕੋਟੇ ਤੋਂ ਮੰਤਰੀ ਬਣਨ ਲਈ ਦਿੱਲੀ ਦੌੜ ਵੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿੱਚ 17 ਮੰਤਰੀ ਬਣਾਏ ਜਾ ਸਕਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਫਿਲਹਾਲ ਨੌਂ ਹੀ ਮੰਤਰੀ ਬਣਾਏ ਹਨ। ਦੁਆਬਾ ਦੀ ਧਰਤੀ 'ਤੇ ਦਲਿਤ ਵੋਟਰਾਂ ਦਾ ਖਾਸਾ ਅਸਰ ਹੈ। ਫਿਰ ਵੀ ਦੁਆਬਾ ਤੋਂ ਕਿਸੇ ਦਲਿਤ ਦੀ ਬਜਾਏ ਸੀਨੀਓਰਿਟੀ ਤੇ ਦੋਸਤੀ ਦੇ ਅਧਾਰ 'ਤੇ ਕੈਪਟਨ ਨੇ ਰਾਣਾ ਗੁਰਜੀਤ ਨੂੰ ਮੰਤਰੀ ਬਣਾਇਆ ਸੀ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਦੀਆਂ 23 ਸੀਟਾਂ 'ਚੋਂ ਪਿਛਲੀ ਵਾਰ ਇੱਥੋਂ ਕਾਂਗਰਸ ਨੂੰ ਸਿਰਫ 6 ਸੀਟਾਂ ਮਿਲੀਆਂ ਸਨ ਜਦਕਿ ਇਸ ਵਾਰ 15 ਸੀਟਾਂ ਕਾਂਗਰਸ ਨੇ ਜਿੱਤੀਆਂ। ਦੁਆਬਾ ਵਿੱਚੋਂ ਜੇਕਰ ਹੁਣ ਸੀਨੀਓਰਿਟੀ ਦੇ ਹਿਸਾਬ ਨਾਲ ਕੈਪਟਨ ਨੇ ਮੰਤਰੀ ਚੁਣਿਆ ਤਾਂ ਸਿਰਫ ਇੱਕੋ ਐਮਐਲਏ ਹਨ ਜਿਹੜੇ ਤੀਜੀ ਵਾਰ ਜਿੱਤੇ ਹਨ। ਉਹ ਹੁਸ਼ਿਆਪੁਰ ਜ਼ਿਲ੍ਹੇ ਦੀ ਉੜਮੁੜ ਸੀਟ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਹਨ ਪਰ ਇੰਨ੍ਹਾਂ ਦੇ ਮੰਤਰੀ ਬਣਨ ਦੇ ਜ਼ਿਆਦਾ ਚਾਂਸ ਨਜ਼ਰ ਨਹੀਂ ਆਉਂਦੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੇ ਉਨ੍ਹਾਂ ਨਾਲ ਹੀ ਕਾਂਗਰਸ 'ਚ ਸ਼ਾਮਲ ਹੋਏ ਜਲੰਧਰ ਕੈਂਟ ਤੋਂ ਵਿਧਾਇਕ ਓਲੰਪੀਅਨ ਪਰਗਟ ਸਿੰਘ ਵੀ ਮੰਤਰੀ ਬਣਨ ਦੀ ਕਤਾਰ ਵਿੱਚ ਹਨ। ਜਲੰਧਰ ਦੀਆਂ ਨੌਂ ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ ਇਸ ਵਾਰ ਪੰਜ ਸੀਟਾਂ ਜਿੱਤੀਆਂ ਸਨ। ਦਲਿਤ ਨੂੰ ਮੰਤਰੀ ਬਣਾਇਆ ਗਿਆ ਤਾਂ ਜਲੰਧਰ ਵੈਸਟ ਤੋਂ ਪਹਿਲੀ ਵਾਰ ਐਮਐਲਏ ਬਣੇ ਸੁਸ਼ੀਲ ਰਿੰਕੂ ਦਾ ਵੀ ਨੰਬਰ ਲੱਗ ਸਕਦਾ ਹੈ। ਸੁਸ਼ੀਲ ਰਿੰਕੂ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਵੀ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਵੱਡੇ ਲੀਡਰ ਤੀਕਸ਼ਣ ਸੂਦ ਨੂੰ ਹਰਾਉਣ ਵਾਲੇ ਸੁੰਦਰ ਸ਼ਾਮ ਅਰੋੜਾ ਵੀ ਮੰਤਰੀ ਬਣ ਸਕਦੇ ਹਨ। ਅਰੋੜਾ ਦੂਜੀ ਵਾਰ ਐਮਐਲਏ ਬਣੇ ਹਨ। ਸੁੰਦਰ ਸ਼ਾਮ ਅਰੋੜਾ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਦੇ ਕਾਫੀ ਕਰੀਬੀ ਹਨ। ਇਸ ਤੋਂ ਇਲਾਵਾ ਇੱਥੋ ਬੀਜੇਪੀ ਨੂੰ ਥੱਲੇ ਲਾਉਣ ਲਈ ਵੀ ਅਰੋੜਾ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਬੀਜੇਪੀ ਦੇ ਇੱਥੇ ਦੋ ਲੀਡਰ ਹਨ। ਇੱਕ ਬੀਜੇਪੀ ਦੇ ਅਵਿਨਾਸ਼ ਰਾਏ ਖੰਨਾ ਤੇ ਦੂਜੇ ਪੰਜਾਬ 'ਚ ਕੈਬਨਿਟ ਮੰਤਰੀ ਰਹਿ ਚੁੱਕੇ ਤੀਕਸ਼ਣ ਸੂਦ। ਦੁਆਬਾ ਦੇ 15 ਵਿਧਾਇਕਾਂ ਵਿਚੋਂ ਨੌਂ ਤਾਂ ਪਹਿਲੀ ਵਾਰ ਹੀ ਐਮਐਲਏ ਬਣੇ ਹਨ। ਜੇਕਰ ਇਨ੍ਹਾਂ 'ਚੋਂ ਕਿਸੇ ਨੂੰ ਮੰਤਰੀ ਬਣਾਇਆ ਜਾਂਦਾ ਹੈ ਤਾਂ ਪੁਰਾਣੇ ਲੀਡਰ ਇਸ ਦਾ ਵਿਰੋਧ ਵੀ ਕਰ ਸਕਦੇ ਹਨ।