ਯਾਦਵਿੰਦਰ ਸਿੰਘ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਸਮੇਂ ਤਿੰਨ ਦਰਜ ਦੇ ਕਰੀਬ ਵਿਭਾਗ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਕੈਬਨਿਟ ਦਾ ਵਿਸਥਾਰ ਨਹੀਂ ਕੀਤਾ। ਇਹ ਵੀ ਵੱਡਾ ਤੱਥ ਹੈ ਕਿ ਜਿੰਨੇ ਵਿਭਾਗ ਹੁਣ ਤੱਕ ਦੇ ਸਾਰੇ ਮੰਤਰੀਆਂ ਕੋਲ ਹਨ, ਉਸ ਤੋਂ ਵੱਧ ਕੈਪਟਨ ਕੋਲ ਹਨ। ਕੈਬਨਿਟ ਦਾ ਵਿਸਥਾਰ ਭਾਵੇਂ ਮੁੱਖ ਮੰਤਰੀ ਦਾ ਹੱਕ ਹੈ ਪਰ ਕਾਂਗਰਸ ਦੇ ਮੰਤਰੀ ਬਣਨ ਵਾਲੇ ਵਿਧਾਇਕਾਂ ਦੀ ਕੈਪਟਨ ਨਾਲ ਅੰਦਰਖਾਤੇ ਕਾਫੀ ਨਾਰਾਜ਼ਗੀ ਹੈ।
ਸਵਾਲ ਇਹ ਹੈ ਕਿ ਕੈਪਟਨ ਕੈਬਨਿਟ ਦਾ ਵਿਸਥਾਰ ਕਿਉਂ ਨਹੀਂ ਕਰ ਰਹੇ ਹਨ? ਸੂਤਰਾਂ ਮੁਤਾਬਕ ਕੈਪਟਨ ਦਿੱਲੀ ਦੀ ਸਿਆਸੀ ਚਾਲ ਨੂੰ ਡੀਰੇਲ ਕਰਨ ਲਈ ਅਜਿਹਾ ਫੈਸਲਾ ਨਹੀਂ ਕਰ ਰਹੇ। ਮੰਨਿਆ ਜਾ ਰਿਹਾ ਹੈ ਕਿ ਜੇ ਕੈਪਟਨ ਸਾਰੇ ਮੰਤਰੀ ਬਣਾ ਦੇਣ ਤਾਂ ਕਿਤੇ ਸਰਕਾਰ 'ਚ ਕੈਪਟਨ ਖ਼ਿਲਾਫ ਮਾਹੌਲ ਪੈਦਾ ਨਾ ਹੋਵੇ ਕਿਉਂਕਿ ਕੈਬਨਿਟ 'ਚ ਰਾਹੁਲ ਗਾਂਧੀ ਦੇ ਕਈ ਕਰੀਬੀ ਵੀ ਆਉਣਗੇ। ਸੂਤਰਾਂ ਮੁਤਾਬਕ ਕੈਪਟਨ ਰਾਹੁਲ ਗਾਂਧੀ ਵੱਲੋਂ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਲਏ ਜਾਣ ਤੋਂ ਨਾਰਾਜ਼ ਹਨ।
ਕੈਪਟਨ ਵਿਰੋਧੀ ਖੇਮੇ ਦੇ ਕਾਂਗਰਸੀ ਕਹਿੰਦੇ ਹਨ ਕਿ ਇਸ ਨਾਲ ਸਰਕਾਰ ਦੇ ਕੰਮਕਾਜ 'ਤੇ ਵੀ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਕੈਪਟਨ ਤਾਂ ਖ਼ੁਦ ਕਾਫੀ ਬੀਮਾਰ ਰਹਿੰਦੇ ਹਨ। ਉਨ੍ਹਾਂ ਨੂੰ ਰੰਜ਼ ਹੈ ਕਿ ਕੈਪਟਨ ਦੀ ਇਹ ਗੱਲ ਬਿਲਕੁਲ ਠੀਕ ਨਹੀਂ ਕਿਉਂਕਿ ਸਰਕਾਰ ਬਣੀ ਨੂੰ ਕਾਫੀ ਮਹੀਨੇ ਹੋ ਚੁੱਕੇ ਹਨ। ਕੈਪਟਨ ਅਮਰਿੰਦਰ ਨੇ ਜਦੋਂ ਸਰਕਾਰ ਬਣਾਈ ਸੀ ਤਾਂ ਉਨ੍ਹਾਂ ਆਪਣੇ ਸਮੇਤ ਕੁੱਲ ਨੌਂ ਮੰਤਰੀ ਬਣਾਏ ਹਨ। ਉਸ ਤੋਂ ਬਾਅਦ ਹੋਰ ਅੱਠ ਮੰਤਰੀ ਬਣਾਉਣੇ ਸਨ ਪਰ ਕੈਪਟਨ ਇਸ ਨੂੰ ਲਮਕਾਉਂਦੇ ਗਏ।
ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਹੋਵੇਗਾ। ਰਾਣਾ ਦਾ ਅਸਤੀਫਾ ਵੀ ਹੋ ਗਿਆ ਪਰ ਕੈਬਨਿਟ ਦਾ ਵਿਸਥਾਰ ਨਾ ਹੋਇਆ। ਹੁਣ ਕੈਪਟਨ ਨੇ ਕਿਹਾ ਹੈ ਕਿ ਲੁਧਿਆਣਾ ਨਿਗਮ ਚੋਣ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਕਰਾਂਗੇ। ਇਸ ਤੋਂ ਪਹਿਲਾਂ ਵੀ ਕੈਪਟਨ ਇਸ ਤਰ੍ਹਾਂ ਦੇ ਕਈ ਬਿਆਨ ਦੇ ਚੁੱਕੇ ਹਨ। ਹੁਣ ਦੇਖਣਾ ਕਿ ਕੈਪਟਨ ਦੀ ਕੈਬਨਿਟ ਦਾ ਵਿਸਥਾਰ ਕਦੋਂ ਹੁੰਦਾ ਹੈ?