ਨਵੀਂ ਦਿੱਲੀ: ਪ੍ਰਿਆ ਵਰਮਾ ਇੰਦੌਰ ਦੇ ਨੇੜਲੇ ਪਿੰਡ ਮੰਗਾਲੀਆ ਦੀ ਰਹਿਣ ਵਾਲੀ ਹੈ। ਪ੍ਰਿਆ ਨੇ 2014 ‘ਚ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਸੀ ਤੇ ਭੈਰਵਗੜ੍ਹ ਜੇਲ੍ਹ ਉਜੈਨ ਦੀ ਜੇਲ੍ਹਰ ਬਣ ਗਈ ਸੀ। ਜਿੱਥੇ ਉਸ ਨੇ ਤਕਰੀਬਨ ਛੇ ਮਹੀਨੇ ਕੰਮ ਕੀਤਾ। ਫਿਰ ਉਹ 2015 ‘ਚ ਡੀਐਸਪੀ ਬਣੀ। ਉਸ ਸਮੇਂ ਪ੍ਰਿਆ ਸਿਰਫ 21 ਸਾਲਾਂ ਦੀ ਸੀ। ਪ੍ਰਿਆ ਇੱਥੇ ਹੀ ਨਹੀਂ ਰੁਕੀ, ਉਸ ਨੇ ਹੋਰ ਮਿਹਨਤ ਕੀਤੀ। ਫਿਲਹਾਲ ਪ੍ਰਿਆ ਰਾਜਗੜ੍ਹ, ਮੱਧ ਪ੍ਰਦੇਸ਼ ‘ਚ ਕੁਲੈਕਟਰ ਨਿਧੀ ਨਿਵੇਦਿਤਾ ਅਧੀਨ ਡਿਪਟੀ ਕੁਲੈਕਟਰ ਵਜੋਂ ਕੰਮ ਕਰ ਰਹੀ ਹੈ।


ਅਸਲ ‘ਚ ਰਾਜਗੜ੍ਹ ਵਿੱਚ ਧਾਰਾ 144 ਲਾਗੂ ਕੀਤੇ ਜਾਣ ਦੇ ਬਾਵਜੂਦ ਭਾਜਪਾ ਵਰਕਰਾਂ ਨੇ ਸਿਟੀਜ਼ਨਸ਼ਿਪ ਸੋਧ ਐਕਟ ਦੇ ਸਮਰਥਨ ‘ਚ ਰੈਲੀ ਕੱਢੀ। ਇਸ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਡਿਪਟੀ ਕੁਲੈਕਟਰ ਪ੍ਰਿਆ ਵਰਮਾ ਨੇ ਇੱਕ ਵਰਕਰ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਮਾਮਲਾ ਵਧ ਗਿਆ। ਭੀੜ ਵਿੱਚੋਂ ਕਿਸੇ ਨੇ ਵਿਰੋਧ ਕਰ ਰਹੀ ਡਿਪਟੀ ਕੁਲੈਕਟਰ ਪ੍ਰਿਆ ਵਰਮਾ ਦੇ ਵਾਲ ਖਿੱਚੇ।


ਇਸ ਮਾਮਲੇ ‘ਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਦਾ ਨਾਂ ਸਾਹਮਣੇ ਆਇਆ ਹੈ ਤੇ ਇੱਕ ਅਣਜਾਣ ਹੈ। ਇਸ ਤੋਂ ਇਲਾਵਾ 150 ਵਿਅਕਤੀਆਂ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 12 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਬਗੈਰ ਇਜਾਜ਼ਤ ਰੈਲੀ ਕੱਢਣ ਵਾਲੇ ਭਾਜਪਾ ਕਾਰਕੁਨਾਂ ਨੇ ਦੋਸ਼ ਲਾਇਆ ਕਿ ਰਾਜਗੜ੍ਹ ਕੁਲੈਕਟਰ ਨਿਧੀ ਨਿਵੇਦਿਤਾ ਤੇ ਡਿਪਟੀ ਕੁਲੈਕਟਰ ਪ੍ਰਿਆ ਵਰਮਾ ਨੇ ਥੱਪੜ ਮਾਰੇ।

ਇਸ ਰੈਲੀ ‘ਚ ਹੋਈ ਹੰਗਾਮੇ ਦੀਆਂ ਕਈ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ ਤੇ ਡਿਪਟੀ ਕੁਲੈਕਟਰ ਪ੍ਰਿਆ ਵਰਮਾ ਦੇ ਵਾਲ ਖਿੱਚਣ ਦੇ ਨਾਲ ਉਸ ਦੀ ਪੀਠ ‘ਚ ਲੱਤ ਮਾਰ ਦਿੱਤੀ। ਇਸ ਵੀਡੀਓ ਤੋਂ ਬਾਅਦ ਤੋਂ ਹੀ ਪ੍ਰਿਆ ਵਰਮਾ ਦਾ ਸੋਸ਼ਲ ਮੀਡੀਆ 'ਤੇ ਦਬਦਬਾ ਹੈ। ਬਹੁਤ ਸਾਰੇ ਲੋਕ ਉਸ ਦਾ ਸਮਰਥਨ ਕਰ ਰਹੇ ਹਨ ਤੇ ਬਹੁਤ ਸਾਰੇ ਲੋਕ ਉਸ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕਰ ਰਹੇ ਹਨ।