ਲੱਦਾਖ: ਪੂਰਬੀ ਲੱਦਾਖ ਨਾਲ ਲੱਗਦੀ ‘ਅਸਲ ਕੰਟਰੋਲ ਰੇਖਾ’ (ਐਲਏਸੀ) ਉੱਤੇ ਤਾਇਨਾਤ ਭਾਰਤੀ ਫ਼ੌਜੀ ਜਵਾਨਾਂ ਨੂੰ ਅਮਰੀਕਾ ਦੇ ਸਰਦੀਆਂ ਦੇ ਮੌਸਮ ਦੇ ਕੱਪੜੇ ਮਿਲਣੇ ਸ਼ੁਰੂ ਹੋ ਗਏ ਹਨ। ਇਹ ਵਰਦੀ ਅਮਰੀਕੀ ਫ਼ੌਜ ਦੀ ਹੈ ਪਰ ਭਾਰਤੀ ਫ਼ੌਜੀਆਂ ਦੀ ਵਰਤੋਂ ਥੋੜ੍ਹੀ ਵੱਖਰੀ ਕਿਸਮ ਦੀ ਹੈ। ਪਿੱਛੇ ਜਿਹੇ ਸੀਡੀਐਸ ਬਿਪਿਨ ਰਾਵਤ ਪੂਰਬੀ ਲੱਦਾਖ ’ਚ ਭਾਰਤੀ ਫ਼ੌਜ ਦੀ ਸਰਹੱਦੀ ਚੌਕੀ ਉੱਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗਏ ਸਨ। ਉਸ ਵੇਲੇ ਭਾਰਤੀ ਫ਼ੌਜੀ ਜਵਾਨ ਦੋ ਤਰ੍ਹਾਂ ਦੀ ਵਰਦੀ ’ਚ ਵਿਖਾਈ ਦਿੱਤੇ।


ਪੈਂਗੋਗ ਤਸੋ ਝੀਲ ਕਵਰੇਜ ਲਈ ਪੂਰਬੀ ਲੱਦਾਖ ਗਈ ਏਬੀਪੀ ਨਿਊਜ਼ ਦੀ ਟੀਮ ਨੂੰ ਕੈਂਪਾਂ ਵਿੱਚ ਅਮਰੀਕੀ ਫ਼ੌਜ ਦੀ ਵਰਦੀ ਵਾਲੇ ਭਾਰਤੀ ਫ਼ੌਜੀ ਵਿਖਾਈ ਦਿੱਤੀ। ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੈ, ਜਦੋਂ ਭਾਰਤ ਫ਼ੌਜੀ ਅਮਰੀਕੀ ਫ਼ੌਜ ਦੀ ਵਰਦੀ ਪਹਿਨ ਰਹੇ ਹਨ। ਪਿਛਲੇ ਵਰ੍ਹੇ ਜਦੋਂ ਪੂਰਬੀ ਲੱਦਾਖ ਨਾਲ ਲੱਗਦੀ ਐੱਲਏਸੀ ਉੱਤੇ ਭਾਰਤ ਦਾ ਚੀਨ ਨਾਲ ਵਿਵਾਦ ਸ਼ੁਰੂ ਹੋਇਆ ਸੀ, ਤਦ ਭਾਰਤ ਸਾਹਮਣੇ ਫ਼ੌਜ ਨਾਲ ਨਿਪਟਣਾ ਮੁੱਖ ਚੁਣੌਤੀ ਹੋਣ ਦੇ ਨਾਲ-ਨਾਲ ਮੌਸਮ ਨਾਲ ਲੜਨਾ ਵੀ ਵੱਡੀ ਔਕੜ ਸੀ।


ਮਈ 2020 ’ਚ ਜਦੋਂ ਚੀਨ ਨਾਲ ਵਿਵਾਦ ਸ਼ੁਰੂ ਹੋਇਆ, ਤਦ ਭਾਰਤੀ ਫ਼ੌਜ ਦੀ ਇੱਕ ਡਿਵੀਜ਼ਨ ਭਾਵ 20 ਹਜ਼ਾਰ ਫ਼ੌਜੀ ਚੀਨ ਨਾਲ ਲੱਗਦੀ ਪੂਰਬੀ ਲੱਦਾਖ ਦੀ 826 ਕਿਲੋਮੀਟਰ ਲੰਮੀ ਐੱਲਏਸੀ ਉੱਤੇ ਤਾਇਨਾਤ ਰਹਿੰਦੇ ਸਨ ਪਰ ਜਦੋਂ ਚੀਨ ਨੇ ਲਗਭਗ 50 ਹਜ਼ਾਰ ਪੀਐਲਏ ਫ਼ੌਜੀ ਪੂਰਬੀ ਲੱਦਾਖ ਨਾਲ ਲੱਗਦੀ ਐਲਏਸੀ ਉੱਤੇ ਤਾਇਨਾਤ ਕੀਤੇ, ਤਦ ਭਾਰਤ ਨੂੰ ਵੀ 30 ਹਜ਼ਾਰ ਵਾਧੂ ਫ਼ੌਜੀ ਤਾਇਨਾਤ ਕਰਨੇ ਪਏ। ਉਨ੍ਹਾਂ ਲਈ ਵਿੰਟਰ ਕਲੋਦਿੰਗ ਦੀ ਬਹੁਤ ਜ਼ਰੂਰਤ ਸੀ।




ਭਾਰਤ ਨੇ ਯੂਰਪ ਦੀਆਂ ਕੁਝ ਕੰਪਨੀਆਂ ਤੋਂ ਵੱਡੀ ਮਾਤਰਾ ’ਚ ਸਰਦੀਆਂ ਦੀ ਵਰਦੀ ਖ਼ਰੀਦੀ ਸੀ ਪਰ ਉਹ ਘਟ ਗਈਆਂ ਸਨ। ਉਸੇ ਘਾਟ ਨੂੰ ਪੂਰਾ ਕਰਨ ਲਈ ਅਮਰੀਕਾ ਨੇ ਮਦਦ ਕੀਤੀ।