ਖੰਨਾ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਪੰਜਾਬ ਸਰਕਾਰ ਦੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨਵਜੋਤ ਕੌਰ ਸਿੱਧੂ ਮੈਦਾਨ 'ਚ ਆ ਕੇ ਆਪਣੀ ਹੀ ਸਰਕਾਰ ਦੀ ਪੋਲ ਖੋਲ ਰਹੇ ਹਨ। ਸੋਮਵਾਰ ਨੂੰ ਨਵਜੋਤ ਕੌਰ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕਰਕੇ ਕਾਂਗਰਸੀ ਆਗੂਆਂ ਦੇ ਨਾਲ ਬੈਠ ਕੇ ਕਾਂਗਰਸ ਨੂੰ ਜਨਤਾ ਦੀ ਕਚਹਿਰੀ 'ਚ ਖੜ੍ਹਾ ਕਰ ਦਿੱਤਾ। ਇਸ ਦੇ ਨਾਲ ਹੀ ਸਿੱਧੂ ਨੇ ਦੇਸ਼ ਅੰਦਰ ਕ੍ਰਾਂਤੀ ਲਿਆਉਣ ਦੀ ਮੰਗ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਨੂੰ ਕਰੜੇ ਹੱਥੀਂ ਲਿਆ।
ਨਵਜੋਤ ਕੌਰ ਸਿੱਧੂ ਨੇ ਬਰਗਾੜੀ ਕਾਂਡ 'ਚ ਸਿੱਟ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜੇ ਤੱਕ ਬਰਗਾੜੀ ਕਾਂਡ 'ਚ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਨਹੀਂ ਹੋਈ। ਇਸ ਦੇ ਲਈ ਸਿੱਧੇ ਤੌਰ 'ਤੇ ਗ੍ਰਹਿ ਮੰਤਰੀ ਤੇ ਡੀਜੀਪੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਅਧੂਰੀ ਰਿਪੋਰਟ ਕਰਕੇ ਹੀ ਹਾਈਕੋਰਟ ਵੱਲੋਂ ਇਹ ਖਾਰਜ ਕੀਤੀ ਗਈ। ਆਈਜੀ ਕੁੰਵਰ ਵਿਜੇ ਪ੍ਰਤਾਪ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਉਹ ਕੁੱਝ ਨਹੀਂ ਕਹਿ ਸਕਦੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਵਿਧਾਇਕਾਂ ਨੂੰ ਆਪਣੀ ਮਹੀਨਾਵਾਰ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ। ਹਰ ਕਿਸੇ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਸਿਸਟਮ 'ਤੇ ਤੰਜ ਕਸਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਿੱਥੇ 100 ਰੁਪਏ ਲਾਉਣੇ ਹੁੰਦੇ ਹਨ ਉੱਥੇ ਮੁਸ਼ਕਲ ਨਾਲ 30 ਰੁਪਏ ਲੱਗਦੇ ਹਨ। ਬਾਕੀ ਦੀ ਰਕਮ ਖਾ ਲਈ ਜਾਂਦੀ ਹੈ। ਉਨ੍ਹਾਂ ਫਿਰ ਤੋਂ ਅਫੀਮ ਦੀ ਖੇਤੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹੋ ਇੱਕ ਹੱਲ ਹੈ ਜਿਸ ਨਾਲ ਸਿੰਥੈਟਿਕ ਡਰੱਗ ਖਤਮ ਕੀਤਾ ਜਾ ਸਕਦਾ ਹੈ।
ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਕਰੋੜਾ ਅਰਬਾਂ ਰੁਪਏ ਮੂਰਤੀਆਂ 'ਤੇ ਖਰਾਬ ਕੀਤੇ ਜਾ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਕਿਸੇ ਕਿੱਤੇ 'ਚ ਲਾਉਣ ਲਈ ਕੋਈ ਟਰੇਨਿੰਗ ਨਹੀਂ ਦਿੱਤੀ ਜਾ ਰਹੀ। ਸੜਕਾਂ 'ਤੇ ਗਉ ਧਨ ਮਰ ਰਿਹਾ ਹੈ। ਵੈਟਰਨਰੀ ਹਸਪਤਾਲ ਨਹੀਂ ਹਨ।
ਇਸ ਦੇ ਨਾਲ ਹੀ ਕਿਸਾਨਾਂ ਦੀ ਮੌਜੂਦਾ ਹਾਲਤ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਖੇਤੀ ਬਿੱਲਾਂ ਨੂੰ ਲੈ ਕੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਉਥੇ ਹੀ ਅੱਜ ਜੋ ਹਾਲਾਤ ਮੰਡੀਆਂ 'ਚ ਹਨ ਉਨ੍ਹਾਂ ਲਈ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਜਦੋਂ ਦੋ ਸਾਲ ਪਹਿਲਾਂ ਕੇਂਦਰ ਨੇ ਸਾਫ ਕਰ ਦਿੱਤਾ ਸੀ ਕਿ ਅਦਾਇਗੀ ਸਿੱਧੀ ਹੋਵੇਗੀ ਤਾਂ ਪੰਜਾਬ ਸਰਕਾਰ ਨੇ ਆਪਣੀ ਤਿਆਰੀ ਕਿਉਂ ਨਹੀਂ ਕੀਤੀ ਤੇ ਹੁਣ ਇਸ ਅਦਾਇਗੀ 'ਤੇ ਕਿਉਂ ਰਾਜੀ ਹੋਏ। ਸਿੱਧੂ ਨੇ ਸਾਫ ਲਫ਼ਜ਼ਾਂ 'ਚ ਕਿਹਾ ਕਿ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਸੱਤ ਤਰ੍ਹਾਂ ਦੇ ਕਮਿਸ਼ਨ ਏਜੰਟ ਹਨ ਜੋ ਹਰ ਵਰਗ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਕਮਿਸ਼ਨ ਖਾ ਕੇ ਆਪਣਾ ਢਿੱਡ ਭਰ ਰਹੇ ਹਨ। ਇਨ੍ਹਾਂ 'ਚ ਸਿਆਸੀ ਲੋਕ ਵੀ ਰਲੇ ਹੋਏ ਹਨ।
ਪੰਜਾਬ ਦੀਆਂ ਮੰਡੀਆਂ ਅੰਦਰ ਲਿਫਟਿੰਗ ਨਾ ਹੋਣ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਦੀ ਤਰ੍ਹਾਂ ਸਿਸਟਮ ਠੀਕ ਚੱਲ ਰਿਹਾ ਸੀ ਤਾਂ ਹੁਣ 47 ਫੀਸਦ ਦੀ ਥਾਂ 147 ਫੀਸਦ ਪ੍ਰੋਫਿਟ 'ਚ ਸਿਆਸੀ ਆਗੂਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਟੈਂਡਰ ਕਿਉਂ ਦਿੱਤੇ। ਸਿਆਸੀ ਆਗੂ ਇਸ ਦੀ ਵਜ੍ਹਾ ਹਨ। ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਆੜ੍ਹਤੀ ਮਜਬੂਰ ਹਨ ਜੋ ਕਿ ਆਪਣੇ ਸਿਆਸੀ ਆਗੂਆਂ ਸਾਮਣੇ ਬੋਲ ਨਹੀਂ ਰਹੇ ਹਨ। ਪਰ ਉਹ ਕਿਸੇ ਅੱਗੇ ਨਹੀਂ ਝੁਕਣਗੇ ਅਤੇ ਸੱਚ ਬੋਲਦੇ ਰਹਿਣਗੇ।