ਨਵੀਂ ਦਿੱਲੀ: ਪਤੀ-ਪਤਨੀ ਦੀ ਇੱਕ ਜੋੜੀ ਨੂੰ ਜਦੋਂ ਮਾਸਕ ਨਾ ਪਹਿਨਣ ਕਰਕੇ ਰੋਕਿਆ ਗਿਆ, ਤਾਂ ਉਸ ਜੋੜੀ ਨੇ ਦਿੱਲੀ ਪੁਲਿਸ ਦੇ ਕਰਮਚਾਰੀਆਂ ਨਾਲ ਕਥਿਤ ਤੌਰ ਉੱਤੇ ਮਾੜਾ ਵਿਵਹਾਰ ਕੀਤਾ। ਇਹ ਘਟਨਾ ਐਤਵਾਰ ਨੂੰ ਕੇਂਦਰੀ ਦਿੱਲੀ ਦੇ ਦਰਿਆਗੰਜ ਇਲਾਕੇ ’ਚ ਵਾਪਰੀ।


 


ਪੁਲਿਸ ਨੇ ਪਤੀ ਪੰਕਜ ਤੇ ਪਤਨੀ ਆਭਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਹ ਦੋਵੇਂ ਕੇਂਦਰੀ ਦਿੱਲੀ ਦੇ ਪਟੇਲ ਨਗਰ ਇਲਾਕੇ ਦੇ ਵਸਨੀਕ ਹਨ। ਦੱਸ ਦੇਈਏ ਕਿ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਰੋਗੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ।



ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਸ਼ਾਮੀਂ 4:30 ਕੁ ਵਜੇ ਦੀ ਹੈ। ਪਤੀ ਤੇ ਪਤੀ ਇੱਕ ਕਾਰ ’ਚ ਜਾ ਰਹੇ ਸਨ ਤੇ ਉਨ੍ਹਾਂ ਨੂੰ ਜਦੋਂ ਰੋਕਿਆ ਗਿਆ, ਤਾਂ ਉਨ੍ਹਾਂ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ।


 


ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪਤਨੀ ਨੇ ਪੁਲਿਸ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ ਤੇ ਆਖਿਆ ਕਿ ਉਹ ਜੁਰਮਾਨਾ ਅਦਾ ਨਹੀਂ ਕਰਨਗੇ ਤੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਤਦ ਉਨ੍ਹਾਂ ਨੂੰ ਦਰਿਆਗੰਜ ਪੁਲਿਸ ਥਾਣੇ ਲਿਜਾਂਦਾ ਗਿਆ, ਜਿੱਥੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।