CoronaVirus Vaccine: ਆਉਣ ਵਾਲੇ ਹਫ਼ਤੇ ’ਚ ਅਮਰੀਕਾ ਜੇ 37 ਅਹਿਮ ਕੰਪੋਨੈਂਟਸ ਉਪਲਬਧ ਨਹੀਂ ਕਰਵਾਉਂਦਾ, ਤਾਂ ਭਾਰਤ ਦੇ ਵੈਕਸੀਨ ਨਿਰਮਾਣ ’ਚ ਅੜਿੱਕਾ ਪੈ ਸਕਦਾ ਹੈ। ਭਾਰਤ ਵਿੱਚ ਹਰ ਮਹੀਨੇ ਕੋਰੋਨਾਵਾਇਰਸ ਦੀ ਵੈਕਸੀਨ ਦੀਆਂ 16 ਕਰੋੜ ਡੋਜ਼ ਤਿਆਰ ਹੋ ਰਹੀਆਂ ਹਨ। ‘ਦ ਇਕੌਨੋਮਿਸਟ’ ਦੀ ਰਿਪੋਰਟ ਅਨੁਸਾਰ ਅਮਰੀਕਾ ਨੇ ਫ਼ਰਵਰੀ ਮਹੀਨੇ ‘ਰੱਖਿਆ ਉਤਪਾਦਨ ਕਾਨੂੰਨ’ (Defence Production Act) ਲਾਗੂ ਕੀਤਾ ਸੀ, ਜਿਸ ਦੁਆਰਾ ਅਮਰੀਕੀ ਦਵਾ ਕੰਪਨੀਆਂ ਨੂੰ ਵੈਕਸੀਨ ਉਤਪਾਦਨ ਵਧਾਉਣ ਲਈ ਜ਼ਰੂਰੀ ਸਮੱਗਰੀ ਦੀ ਖ਼ਰੀਦ ਵਿੱਚ ਮਦਦ ਮਿਲੀ ਪਰ ਕਾਨੂੰਨ ਅਧੀਨ ਕੰਪਨੀਆਂ ਨੂੰ ਕੱਚੇ ਮਾਲ ਦੀ ਬਰਾਮਦ ਦੀ ਇਜਾਜ਼ਤ ਦੀ ਜ਼ਰੂਰਤ ਹੁੰਦੀ ਹੈ।
ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਕੰਪਨੀਆਂ ਨੂੰ ਬਰਾਮਦ ਕਰਨ ਤੋਂ ਰੋਕ ਸਕਦੀ ਹੈ। ਬਰਾਮਦ ਦੀਆਂ ਪਾਬੰਦੀਆਂ ਨਾਲ ਦੁਨੀਆ ਭਰ ’ਚ ਟੀਕੇ ਦੇ ਉਤਪਾਦਨ ਵਿੱਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਹੈ। ਉੱਧਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ।
ਭਾਰਤ ਇਸ ਵੇਲੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਤੇ ਟੀਕੇ ਤੇ ਹੋਰ ਅਹਿਮ ਉਪਕਰਣਾਂ ਦੀ ਜ਼ਰੂਰਤ ਹੈ। ਪਿਛਲੇ ਹਫ਼ਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰ ਅਦਾਰ ਪੂਨਾਵਾਲਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਕੱਚੇ ਮਾਲ ਦੀ ਬਰਾਮਦ ਉੱਤੇ ਪਾਬੰਦੀ ਹਟਾਉਣ ਦੀ ਬੇਨਤੀ ਕੀਤੀ ਸੀ; ਜਿਨ੍ਹਾਂ ਵਿੱਚ ਪਲਾਸਟਿਕ ਟਿਊਬਿੰਗ ਤੇ ਫ਼ਿਲਟਰ ਜਿਹੀਆਂ ਵਸਤਾਂ ਸ਼ਾਮਲ ਹਨ।
ਦੁਨੀਆ ਦਾ ਸਭ ਤੋਂ ੳਡਾ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਇਸ ਵੇਲੇ ਕੋਵਿਡਸ਼ੀਲਡ ਦਾ ਉਤਪਾਦਨ ਕਰ ਰਿਹਾ ਹੈ, ਜੋ ਐਸਟ੍ਰਾਜੈਨੇਕਾ ਤੇ ਆੱਕਸਫ਼ੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਵੈਕਸੀਨ ਵਰਤ ਰਿਹਾ ਹੈ। ਇਸ ਵੈਕਸੀਨ ਦੀ ਵਰਤੋਂ ਭਾਰਤ ’ਚ ਕੀਤੀ ਜਾ ਰਹੀ ਹੈ ਤੇ ਇਸ ਦੀ ਸਪਲਾਈ ਕਈ ਹੋਰ ਦੇਸ਼ਾਂ ਵਿੱਚ ਕੀਤੀ ਗਈ ਹੈ।
ਕੰਪਨੀ ਕੋਵੀਸ਼ੀਲਡ ਵੈਕਸੀਨ ਦੀ ਹਰ ਮਹੀਨੇ 1 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰਦੀ ਹੈ। ਸੀਰਮ ਇੰਸਟੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਸੁਰੇਸ਼ ਜਾਧਵ ਨੇ ਕਿਹਾ ਕਿ ਦੋ ਟੀਕਿਆਂ ਦਾ ਉਤਪਾਦਨ ਅਗਲੇ ਕੁਝ ਹਫ਼ਤਿਆਂ ਅੰਦਰ ਪ੍ਰਭਾਵਿਤ ਹੋਵੇਗਾ।