ਔਰਤਾਂ ਦੇ ਇਲਜ਼ਾਮਾਂ 'ਤੇ ਟਰੰਪ ਦੀ ਸਫਾਈ, ਦੇਣਗੇ ਬੇਗੁਨਾਹੀ ਦੇ ਸਬੂਤ
ਏਬੀਪੀ ਸਾਂਝਾ | 14 Oct 2016 11:48 AM (IST)
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਖੁਦ ਤੇ ਲੱਗੇ ਇਲਜ਼ਾਮਾਂ ਤੇ ਸਫਾਈ ਦਿੱਤੀ ਹੈ। ਉਨ੍ਹਾਂ ਮਹਿਲਾਵਾਂ ਨਾਲ ਬੁਰਾ ਵਿਵਹਾਰ ਕਰਨ ਦੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠ ਤੇ ਮਨਘੜਤ ਕਰਾਰ ਦਿੱਤਾ ਹੈ। ਟਰੰਪ ਨੇ ਖੁਦ ਨੂੰ ਨਿਰਦੋਸ਼ ਦੱਸਦਿਆਂ ਕਿਹਾ,''ਮੇਰੇ ਕੋਲ ਅਜਿਹੇ ਸਬੂਤ ਹਨ ਜੋ ਇਨ੍ਹਾਂ ਸਾਰੇ ਝੂਠੇ ਦਾਅਵਿਆਂ ਨੂੰ ਗਲਤ ਸਿੱਧ ਕਰ ਦੇਣਗੇ।'' ਟਰੰਪ ਨੇ ਕਿਹਾ ਕਿ ਸਹੀ ਸਮਾਂ ਆਉਣ 'ਤੇ ਸਾਰੇ ਸਬੂਤ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਟਰੰਪ 'ਤੇ ਕਈ ਔਰਤਾਂ ਨੇ ਇਲਜ਼ਾਮ ਲਗਾਇਆ ਹੈ ਕਿ ਟਰੰਪ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਸੀ। ਇਸ ਪੂਰੇ ਵਿਵਾਦ ਦਾ ਖੁਲਾਸਾ ਇੱਕ ਅੰਗਰੇਜ਼ੀ ਅਖਬਾਰ 'ਚ ਕੀਤਾ ਗਿਆ ਸੀ। ਹਾਲਾਂਕਿ ਇਹ ਸਾਰੇ ਮਾਮਲੇ ਕਾਫੀ ਪੁਰਾਣੇ ਦੱਸੇ ਜਾ ਰਹੇ ਹਨ। ਪਰ ਟਰੰਪ ਨੇ ਇਹਨਾਂ ਔਰਤਾਂ ਦੇ ਸਾਰੇ ਇਲਜ਼ਾਮਾਂ ਨੂੰ ਝੂਠ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ।