ਲੰਡਨ : ਗੁਜਰਾਤ ਵਿੱਚ 2002 ਵਿੱਚ ਹੋਏ ਦੰਗਿਆਂ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਲੰਡਨ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਮੀਰ ਪਟੇਲ ਉਤੇ ਗੁਜਰਾਤ ਦੇ ਆਣੰਦ ਜ਼ਿਲ੍ਹੇ ਦੇ ਓੜੇ ਪਿੰਡ ਦੇ ਇੱਕ ਪਰਿਵਾਰ ਨੂੰ ਸਾੜਨ ਦਾ ਦੋਸ਼ ਹੈ। ਲੰਡਨ ਦੀ ਮੀਡੀਆ ਰਿਪੋਰਟ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਗੁਜਰਾਤ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਾਪਸ ਦੇਸ਼ ਲੈ ਕੇ ਆਉਣ ਲਈ ਰਵਾਨਾ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸਮੀਰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਬਾਅਦ ਬਰਤਾਨੀਆ ਭੱਜ ਗਿਆ ਸੀ। ਸਮੀਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਗਾਂਧੀ ਨਗਰ ਸਥਾਨਕ ਅਪਰਾਧ ਸ਼ਾਖਾ ਨੇ ਵੀ ਕਰ ਦਿੱਤੀ ਹੈ। ਸਮੀਰ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਜਿਸ ਦੇ ਕਾਰਨ ਹੀ ਉਸ ਦੀ ਗ੍ਰਿਫ਼ਤਾਰੀ ਹੋਈ ਹੈ। 2002 ਵਿੱਚ ਗੁਜਰਾਤ ਦੇ ਓੜੇ ਪਿੰਡ ਵਿੱਚ ਵੀ ਦੰਗੇ ਹੋਏ ਸਨ ਇਹਨਾਂ ਦੰਗਿਆਂ ਲਈ ਪੁਲਿਸ ਨੂੰ ਸਮੀਰ ਪਟੇਲ ਦੇ ਨਾਲ ਨਾਲ ਨਾਤੂ ਪਟੇਲ ਅਤੇ ਰਾਕੇਸ਼ ਪਟੇਲ ਲੋੜੀਂਦੇ ਸਨ।

ਸਮੀਰ ਪਟੇਲ ਨੂੰ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਦੋਂਕਿ ਉਸ ਦੇ ਦੋ ਸਾਥੀ ਨਾਤੂ ਪਟੇਲ ਅਤੇ ਰਾਕੇਸ਼ ਪਟੇਲ ਅਜੇ ਵੀ ਫ਼ਰਾਰ ਹਨ। ਓੜੇ ਪਿੰਡ ਦੇ ਪੀਰਵਾਲੀ ਭਾਗੋਲ ਇਲਾਕੇ ਵਿੱਚ 1500 ਲੋਕਾਂ ਤੋਂ ਵੱਧ ਦੀ ਭੀੜ ਨੇ ਇੱਕ ਮਾਰਚ 2002 ਨੂੰ ਇੱਕ ਘਰ ਵਿੱਚ 23 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਸਾਰੇ ਮ੍ਰਿਤਕ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸਨ।