1- ਭਾਰਤੀ ਫੌਜ ਵੱਲੋਂ ਪੀਓਕੇ ‘ਚ ਕੀਤੇ ਸਰਜੀਕਲ ਸਟ੍ਰਾਈਕ ਦਾ ਅਮਰੀਕਾ ਨੇ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਨੂੰ ਆਤਮ ਰੱਖਿਆ ਦਾ ਹੱਕ ਹੈ। ਵਾਈਟ ਹਊਸ ਦੇ ਦੱਖਣੀ ਏਸ਼ੀਆ ਮਾਮਲੇ ਦੇ ਚਾਰਜ ਪੀਟਰ ਲਾਵੋਏ ਨੇ ਅਫਗਾਨਿਸਤਾਨ ਦੀ ਸ਼ਾਂਤੀ ਨੂੰ ਕਸ਼ਮੀਰ ਮੁੱਦੇ ‘ਤੇ ਪ੍ਰਸਤਾਵ ਨਾਲ ਜੋੜਨ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਹਾਲਾਂਕਿ ਅਮਰੀਕਾ ਨੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਤਾਂ ਕੀਤਾ ਪਰ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਸਰਹੱਦ ‘ਤੇ ਭਾਰੀ ਫੌਜ ਤਾਇਨਾਤ ਕੀਤੇ ਜਾਣ ਨੂੰ ਲੈ ਕੇ ਚਿੰਤਾ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਇਹ ਨਿਸ਼ਚਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਇਸ ਸਾਲ ਦੇ ਅਖੀਰ ਤੱਕ ਪ੍ਰਮਾਣੂ ਸਪਲਾਈ ਸਮੂਹ (ਐੱਨ ਸੀ ਜੀ) ਦਾ ਮੈਂਬਰ ਬਣ ਜਾਵੇਗਾ।

2- ਨਵੰਬਰ ਵਿੱਚ ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣਗੀਆਂ। ਜਿਸਤੋਂ ਪਹਿਲਾਂ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਚਰਚਾ 'ਚ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਨੇ ਟਰੰਪ ਨੂੰ 'ਖਤਰਨਾਕ' ਦੱਸਿਆ ਹੈ।  ਦਰਅਸਲ ਅਲ ਹੁਸੈਨ ਨੇ ਜੇਨੇਵਾ ਵਿੱਚ ਕਿਹਾ ਕਿ ਟਰੰਪ ਨੇ ਅੱਜ ਤੱਕ ਜੋ ਵੀ ਕਿਹਾ ਹੈ। ਜੇਕਰ ਉਸਦੇ ਆਧਾਰ ਤੇ ਉਹ ਚੁਣੇ ਜਾਂਦੇ ਹਨ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਤਰਾਸ਼ਟਰੀ ਨਜ਼ਰੀਏ ਨਾਲ ਉਹ ਖਤਰਨਾਕ ਸਾਬਿਤ ਹੋਣਗੇ। ਟਰੰਪ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿੰਦੇ ਹਨ। ਪਰ ਹਾਲ ਹੀ 'ਚ ਇੱਕ ਟੇਪ ਸਾਹਮਣੇ ਆਉਣ ਮਗਰੋਂ ਉਹ ਵਿਵਾਦਾਂ 'ਚ ਘਿਰ ਗਏ ਹਨ। ਜਿਸ 'ਚ ਉਹ ਮਹਿਲਾਵਾਂ ਲਈ ਇਤਰਾਜ਼ਯੋਗ ਟਿੱਪਣੀਆਂ ਕਰਦੇ ਸੁਣਾਈ ਦਿੱਤੇ।
3- ਰਿਪਬਲਿਕਨ ਉਮੀਦਵਾਰ ਦੀਆਂ ਮੁਸ਼ਕਲਾਂ ਦੋ ਹੋਰ ਮਹਿਲਾਵਾਂ ਨੇ ਵਧਾ ਦਿੱਤੀਆਂ ਹਨ। ਜਿਨਾਂ ਮੁਤਾਬਕ ਟਰੰਪ ਨੇ ਉਹਨਾਂ ਨੂੰ ਬੇਹਦ ਗੰਦੇ ਤਰੀਕੇ ਇਥੋਂ ਤੱਕ ਕਿ 'ਓਕਟੋਪਸ' ਵਾਂਗ ਛੂਹਿਆ ਸੀ। ਦੋਹਾਂ ਔਰਤਾਂ ਨੇ ਇਹ ਗੱਲ 'ਨਿਊਯਾਰਕ ਟਾਈਮਜ਼' ਨੂੰ ਦੱਸੀ ਹੈ। ਇੱਕ ਮਹਿਲਾ ਨੇ ਉਸ ਨਾਲ ਵਾਪਰੀ ਘਟਨਾ ਨੂੰ ਤਿੰਨ ਦਹਾਕੇ ਪਹਿਲਾਂ ਦੀ ਦੱਸਿਆ ਜਦਕਿ ਦੂਜੀਮ ਹਿਲਾ ਮੁਤਾਬਕ ਉਸ ਨਾਲ ਅਜਿਹੀ ਘਟਨਾ 2005 ਵਿੱਚ ਵਾਪਰੀ ਸੀ। ਹਾਲਾਕਿ ਟਰੰਪ ਦੀ ਪਬਲਿਸਿਟੀ ਡਿਵੀਜ਼ਨ ਨੇ 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਨੂੰ ਮਨਘਡ਼ਤ ਦੱਸਿਆ। ਟਰੰਪ ਦੇ ਸਮਰਥਨ 'ਚ ਜਾਰੀ ਇੱਕ ਬਿਆਨ ਚ ਕਿਹਾ ਗਿਆ ਕਿ 'ਨਿਊਯਾਰਕ ਟਾਈਮਜ਼' ਨੇ ਮਾਣਹਾਨੀ ਕਰ ਰਿਹੈ।
4- 'ਡੌਨ' ਦੇ ਬਾਅਦ ਹੁਣ ਇਕ ਹੋਰ ਪਾਕਿਸਤਾਨੀ ਅਖਬਾਰ 'ਦ ਨੇਸ਼ਨ' ਨੇ ਨਵਾਜ਼ ਸਰਕਾਰ ਅਤੇ ਪਾਕਿ ਸੈਨਾ ਖਿਲਾਫ ਖਬਰ ਛਾਪੀ ਹੈ। ਜਿਸ ਮੁਤਾਬਕ ਪੁੱਛਿਆ ਗਿਆ ਹੈ ਕਿ ਮਸੂਦ ਅਜਹਰ ਅਤੇ ਹਾਫਿਜ਼ ਸਇਦ ਖਿਲਾਫ ਐਕਸ਼ਨ ਲੈਣਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਕਿਉਂ ਹੈ। ਯੂ.ਐਨ ਦੇ ਵਿੱਚ ਪਾਕਿਸਤਾਨ ਝੂਠਾ ਪ੍ਰਚਾਰ ਕਰ ਰਿਹਾ ਹੈ ਜਿਸਨੇ ਕਸ਼ਮੀਰ ਵਿੱਚ ਮਨੁਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਚੁੱਕਦੇ ਹੋਏ ਇੱਕ ਡੋਜ਼ੀਅਰ ਸੰਯੁਕਤ ਰਾਸ਼ਟਰ  ਨੂੰ ਸੌਂਪਿਆ ਹੈ।
5- ਐਂਟੋਨੀਓ ਗੁਟੇਰੈਸ ਅੱਜ ਸੰਯੁਕਤ ਰਾਸ਼ਟਰ ਦੇ ਨਵੇਂ ਸਕੱਤਰ ਜਨਰਲ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੂੰ ਛੇਵੀਂ ਵਾਰ ਦੀ ਵੋਟਿੰਗ ‘ਚ ਸੁਰੱਖਿਆ ਕੌਂਸਲ ਨੇ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ।  ਗੁਟੇਰੈਸ  ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਹਨ।
6- ਸੀਰੀਆ ਵਿੱਚ ਵਿਦਰੋਹੀਆਂ ਦੇ ਦਬਦਬੇ ਵਾਲੇ ਪੂਰਵੀ ਅਲੈਪੋ ਵਿੱਚ ਰੂਸ ਅਤੇ ਸਰਕਾਰੀ ਸੈਨਾ ਨੇ ਫਿਰ ਬੰਬ ਬਰਸਾਏ ਹਨ। ਬੀਬੀਸੀ ਦੀ ਖਬਰ ਮੁਤਾਬਕ 2 ਹਫਤਿਆਂ ਚ ਜਾਰੀ ਬੰਬਬਾਰੀ 'ਚ ਸੈਂਕਡ਼ੇ ਲੋਕ ਮਾਰੇ ਜਾ ਚੁੱਕੇ ਹਨ। ਪੱਛਮੀ ਤਾਕਤਾਂ ਨੇ ਰੂਸ ਤੇ ਯੁੱਧ ਅਪਰਾਧਾਂ ਦੇ ਇਲਜ਼ਾਮ ਲਗਾਉਣ ਲਈ ਕਿਹਾ ਹੈ ਜਦਕਿ ਪੋਪ ਫਰਾਂਸਿਸ ਨੇ ਵੀ ਯੁੱਧਵਿਰਾਮ ਦੀ ਅਪੀਲ ਕੀਤੀ ਹੈ।