ਵਾਸ਼ਿੰਗਟਨ: ਭਾਰਤੀ ਫੌਜ ਵੱਲੋਂ ਪੀਓਕੇ 'ਚ ਕੀਤੇ ਸਰਜੀਕਲ ਸਟ੍ਰਾਈਕ ਦੀ ਅਮਰੀਕਾ ਨੇ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਨੂੰ ਆਤਮ ਰੱਖਿਆ ਦਾ ਹੱਕ ਹੈ। ਵਾਈਟ ਹਊਸ ਦੇ ਦੱਖਣੀ ਏਸ਼ੀਆ ਮਾਮਲੇ ਦੇ ਚਾਰਜ ਪੀਟਰ ਲਾਵੋਏ ਨੇ ਅਫਗਾਨਿਸਤਾਨ ਦੀ ਸ਼ਾਂਤੀ ਨੂੰ ਕਸ਼ਮੀਰ ਮੁੱਦੇ 'ਤੇ ਪ੍ਰਸਤਾਵ ਨਾਲ ਜੋੜਨ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ।


ਵਾਈਟ ਹਾਊਸ ਨੇ ਸਰਜੀਕਲ ਸਟ੍ਰਾਈਕ ਨੂੰ ਭਾਰਤ ਵੱਲੋਂ ਆਪਣੀ ਰੱਖਿਆ ਲਈ ਚੁੱਕਿਆ ਕਦਮ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਅਮਰੀਕਾ ਨੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਤਾਂ ਕੀਤਾ ਪਰ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਸਰਹੱਦ 'ਤੇ ਭਾਰੀ ਫੌਜ ਤਾਇਨਾਤ ਕੀਤੇ ਜਾਣ ਨੂੰ ਲੈ ਕੇ ਚਿੰਤਾ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਇਹ ਨਿਸ਼ਚਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਇਸ ਸਾਲ ਦੇ ਅਖੀਰ ਤੱਕ ਪ੍ਰਮਾਣੂ ਸਪਲਾਈ ਸਮੂਹ (ਐੱਨ ਸੀ ਜੀ) ਦਾ ਮੈਂਬਰ ਬਣ ਜਾਵੇਗਾ।

ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਦੇ ਸੰਬੰਧ ਅਮਰੀਕਾ ਲਈ ਬਹੁਤ ਗਤੀਸ਼ੀਲ ਹਨ। ਇਸ ਨਾਲ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਵਿਚਕਾਰ ਸੰਬੰਧ ਹੋਰ ਵੀ ਮਜਬੂਤ ਹੋਣਗੇ। ਉਨ੍ਹਾਂ ਦੋਨਾਂ ਦੇਸ਼ਾਂ 'ਚ ਸਬੰਧ ਮਜਬੂਤ ਕਰਨ 'ਚ ਓਬਾਮਾ ਪ੍ਰਸ਼ਾਸਨ ਦੀਆਂ ਉਪਲੱਬਧੀਆਂ ਵੀ ਗਿਣਵਾਈਆਂ।