ਕਾਬੁਲ: ਇੱਕ ਦਰਗਾਹ 'ਚ ਧਾਰਮਿਕ ਸਮਾਗਮ ਦੌਰਾਨ ਹੋਇਆ ਵੱਡਾ ਅੱਤਵਾਦੀ ਹਮਲਾ। ਇਸ ਹਮਲੇ 'ਚ 14 ਲੋਕਾਂ ਦੀ ਜਾਨ ਚਲੀ ਗਈ ਹੈ। ਜਦਕਿ 36 ਲੋਕ ਜਖਮੀ ਹੋਏ ਹਨ। ਮਰਨ ਵਾਲਿਆਂ 'ਚ ਇੱਕ ਪੁਲਿਸ ਕਰਮੀ ਵੀ ਹੈ। ਖਬਰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਹੈ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਦੌਰਾਨ ਇੱਕ ਹਮਲਾਵਰ ਨੂੰ ਵੀ ਮਾਰ ਮੁਕਾਇਆ ਹੈ। ਇਸ ਹਮਲੇ ਦੀ ਜਿੰਮੇਵਾਰੀ ਅਜੇ ਤੱਕ ਕਿਸੇ ਅੱਤਵਾਦੀ ਜਥੇਬੰਦੀ ਨੇ ਨਹੀਂ ਲਈ ਹੈ।



ਜਾਣਕਾਰੀ ਮੁਤਾਬਕ ਕਾਬੁਲ 'ਚ ਸ਼ੀਆ ਭਾਈਚਾਰੇ ਦੀ ਦਰਗਾਹ ਕਾਰਤੇ ਸਖੀ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇੱਥੇ ਵੱਡੀ ਗਿਣਤੀ ਲੋਕ ਮੁਹੱਰਮ ਲਈ ਇਕੱਠੇ ਹੋਏ ਸਨ। ਰਾਤ ਦੇ ਕਰੀਬ 8 ਵਜੇ 3 ਅੱਤਵਾਦੀ ਫੌਜੀ ਵਰਦੀ 'ਚ ਦਰਗਾਹ ਅੰਦਰ ਦਾਖਲ ਹੋਏ। ਇਹਨਾਂ 'ਚੋਂ ਇੱਕ ਕੋਲ ਹਥਿਆਰ ਸੀ। ਇਸ ਹਮਲਾਵਰ ਨੇ ਅਚਾਨਕ ਧਮਾਕਾ ਕੀਤਾ ਤੇ ਫਾਇੰਰਿੰਗ ਕਰ 14 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲੇ 'ਚ 36 ਲੋਕ ਜਖਮੀ ਵੀ ਹੋਏ ਹਨ। ਹਾਲਾਂਕਿ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ। ਜਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।