ਕੈਲੇਫੋਰਨੀਆ: ਅਮਰੀਕਾ ‘ਚ 41 ਸਾਲਾ ਸਿੱਖ ਮਾਨ ਸਿੰਘ ਖਾਲਸਾ 'ਤੇ ਨਸਲੀ ਹਮਲੇ ਦੇ ਇਲਜ਼ਾਮਾਂ ਤਹਿਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਨ ਸਿੰਘ ਖ਼ਾਲਸਾ 'ਤੇ ਕੈਲੀਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿੱਚ 25 ਸਤੰਬਰ ਨੂੰ ਪਿੱਕਅਪ ਟਰੱਕ ਵਿੱਚ ਆਏ ਵਿਅਕਤੀਆਂ ਨੇ ਹਮਲਾ ਕੀਤਾ ਸੀ। ਉਸ ਨੂੰ ਬੁਰੀ ਤਰਾਂ ਕੁੱਟਿਆ ਗਿਆ ਸੀ। ਹਮਲਾਵਰਾਂ ਨੇ ਉਸ ਦੀ ਪੱਗ ਲਾਹੀ ਤੇ ਵਾਲ ਚਾਕੂ ਨਾਲ ਕੱਟ ਦਿੱਤੇ ਸਨ। ਇਸ ਘਟਨਾ ਦੀ ਸਿੱਖ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਰਿਚਮੰਡ ਪੁਲੀਸ ਨੇ ਦੱਸਿਆ ਕਿ ਇਸ ਹਮਲੇ ਵਿੱਚ ਡਸਟਿਨ ਅਲਬਰਾਡੋ (25) ਅਤੇ ਚੇਜ਼ ਲਿਟਲ (31) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਇੰਨਾਂ ਦੇ ਬਾਕੀ ਸਾਥੀ ਹਾਲੇ ਗ੍ਰਿਫ਼ਤ 'ਚੋਂ ਬਾਹਰ ਹਨ। ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ‘ਦ ਸਿੱਖ ਕੁਲੀਸ਼ਨ’ ਵੱਲੋਂ ਕੈਲੀਫੋਰਨੀਆ ਵੱਲੋਂ ਹਮਲਾਵਰਾਂ ਖ਼ਿਲਾਫ਼ ਨਸਲੀ ਹਮਲੇ ਸਬੰਧੀ ਕੇਸ ਦਰਜ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਸੰਸਥਾ ਮੁਤਾਬਕ ਮਾਨ ਸਿੰਘ ਖਾਲਸਾ ਨੂੰ ਉਸ ਦੇ ਧਰਮ ਤੇ ਨਸਲ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ।
ਹਮਲੇ ਦਾ ਸ਼ਿਕਾਰ ਹੋਇਆ ਮਾਨ ਸਿੰਘ ਖਾਲਸਾ ਕੈਲੇਫੋਰਨੀਆ ‘ਚ ਆਈਟੀ ਸੈਕਟਰ ‘ਚ ਕੰਮ ਕਰਦਾ ਹੈ। ਉਹ 25 ਸਤੰਬਰ ਦੀ ਰਾਤ ਆਪਣੀ ਗੱਡੀ ’ਚ ਘਰ ਆ ਰਿਹਾ ਸੀ। ਰਾਸਤੇ ਚ ਕੁੱਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀ ਪੱਗ ਲਾਹ ਦਿੱਤੀ ਤੇ ਵਾਲ ਵੀ ਕੱਟ ਦਿੱਤੇ ਗਏ। ਮਾਨ ਸਿੰਘ ਮੁਤਾਬਕ ਹਮਲਾ ਕਰਨ ਵਾਲੇ ਛੇ ਲੋਕ ਸਨ। ਇਹਨਾਂ ਹਮਲਾਵਰਾਂ ‘ਚੋਂ ਪੰਜ ਗੋਰੇ ਸਨ।