1- ਪਾਕਿਸਤਾਨ ਸੈਨਾ ਦੀ ਬਾਰਡਰ ਐਕਸ਼ਨ ਟੀਮ (BAT ) ਭਾਰਤ ਤੇ ਹਮਲਾ ਕਰ ਸਕਦੀ ਹੈ । ਜਾਣਕਾਰੀ ਮੁਤਾਬਕ ਪਾਕਿਸਤਾਨ ਬਦਲਾ ਲੈਣ ਦੀ ਫਿਰਾਕ ਵਿੱਚ ਹੈ। BAT ਉਹ ਟੀਮ ਹੈ ਜਿਸਨੇ ਭਾਰਤੀ ਸੈਨਿਕ ਹੇਮਰਾਜ ਦਾ ਸਿਰ ਕੱਟਿਆ ਸੀ।
2- ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਇੱਕ ਵੀਡੀਓ ਵਾਸ਼ਿੰਗਟਨ ਪੋਸਟ ਅਖਬਾਰ ਨੇ ਜਾਰੀ ਕੀਤੀ ਜਿਸ 'ਚ ਟਰੰਪ ਟੀਵੀ ਹੋਸਟ ਬਿਲੀ ਬੁਸ਼ ਨੂੰ ਕਹਿ ਰਹੇ ਨੇ ਕਿ ਜਦੋਂ ਤੁਸੀਂ ਸਟਾਰ ਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਮਹਿਲਾ ਨਾਲ ਕੁੱਝ ਵੀ ਕਰ ਸਕਦੇ ਹੋ ।


3- ਇਸ ਪੋਸਟ ਮਗਰੋਂ ਟਰੰਪ ਨੇ ਇਸ ਗੱਲਬਾਤ ਨੂੰ ਖਾਰਜ ਕੀਤਾ ਹੈ ਜਦਕਿ ਅਜਿਹੇ ਬਿਆਨਾਂ ਲਈ ਮੁਆਫੀ ਵੀ ਮੰਗੀ ਹੈ। ਇਹ ਵੀਡੀਓ 2005 ਦਾ ਹੈ। ਟਰੰਪ ਨੇ ਕਿਹਾ ਕਿ ਇਹ ਗੱਲਬਾਤ ਲਾਕਰ ਰੂਮ 'ਚ ਕੀਤਾ ਗਿਆ ਮਜ਼ਾਕ ਸੀ।

4- ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਟਰੰਪ ਦੀ ਆਲੋਚਨਾ ਹੋ ਰਹੀ ਹੈ ਜਦਕਿ ਉਹਨਾਂ ਦੀ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਅਸੀਂ ਇਸ ਆਦਮੀ ਨੂੰ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਨਹੀਂ ਦੇ ਸਕਦੇ।
5- ਹੇਤੀ ਵਿੱਚ ਭਿਆਨਕ 'ਮੈਥਿਊ' ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 800 ਹੋ ਗਈ ਹੈ। ਜਦਕਿ ਇਹ ਤੂਫਾਨ ਹਜ਼ਾਰਾਂ ਘਰਾਂ ਨੂੰ ਨੁਕਸਾਨ ਵੀ ਪਹੁੰਚਾ ਚੁੱਕਿਆ ਹੈ।
6- ਉਥੇ ਅਮਰੀਕਾ ਪਹੁੰਚ ਕੇ ਵੀ 'ਮੈਥਿਊ' ਨੇ ਤਬਾਹੀ ਮਚਾ ਦਿੱਤੀ ਹੈ। ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ।120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਕਈ ਥਾਂ ਬਿਜਲੀ ਦੇ ਤਾਰ ਵੀ ਡਿੱਗੇ ਹਨ।
7- ਇਸਤੋਂ ਪਹਿਲਾਂ ਤੂਫਾਨ ਦੇ ਫਲੋਰਿਡਾ ਪਹੁੰਚਣ 'ਤੇ ਰਾਸ਼ਟਰਪਤੀ ਓਬਾਮਾ ਨੇ ਚੇਤਾਵਨੀ ਜਾਰੀ ਕਰ ਲੋਕਾਂ ਨੂੰ ਸੁਰਖਿੱਅਤ ਥਾਵਾਂ 'ਤੇ ਜਾਣ ਲਈ ਕਿਹਾ ਸੀ ਜਦਕਿ ਨਾਲ ਹੀ ਜ਼ਰੂਰਤ ਦਾ ਸਮਾਨ ਇਕੱਠਾ ਕਰ ਲੈਣ ਲਈ ਵੀ ਕਿਹਾ ਗਿਆ ਸੀ।
8- ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਅਲ ਸਾਂਤੇਸ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਮਿਲੇਗਾ। ਜੁਆਨ ਨੇ ਕੋਲੰਬੀਆ ਵਿੱਚ ਪਿਛਲੇ ਪੰਜਾਹ ਸਾਲਾਂ ਤੋਂ ਚੱਲੇ ਆ ਰਹੇ ਗ੍ਰਹਿ ਯੁੱਧ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਗ੍ਰਹਿ ਯੁੱਧ ਵਿੱਚ ਕਰੀਬ ਦੋ ਲੱਖ ਲੋਕ ਮਾਰੇ ਗਏ ਹਨ। 65 ਸਾਲ ਦੇ ਜੁਆਨ ਨੇ ਵਿਦਰੋਹੀ ਸੰਗਠਨ ਨਾਲ 26 ਸਤੰਬਰ ਨੂੰ ਸ਼ਾਂਤੀ ਸਮਝੌਤਾ ਕੀਤਾ ਸੀ।
9- ਵੀਜ਼ਾ ਨਾ ਮਿਲਣ ਤੋਂ ਪ੍ਰੇਸ਼ਾਨ ਇੱਕ ਪਾਕਿਸਤਾਨੀ ਮੁਟਿਆਰ ਦਾ ਹੁਣ ਭਾਰਤ ਆ ਕੇ ਵਿਆਹ ਕਰਵਾਉਣ ਦਾ ਸੁਪਨਾ ਸੱਚ ਹੋ ਸਕੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਆਖਿਆ ਹੈ ਕਿ, "ਚਿੰਤਾ ਨਾ ਕਰੋ, ਤੁਹਾਨੂੰ ਵੀਜ਼ਾ ਮਿਲੇਗਾ।" ਪਾਕਿਸਤਾਨ ਦੀ ਕੁੜੀ ਦਾ ਵਿਆਹ 7 ਨਵੰਬਰ ਨੂੰ ਜੋਧਪੁਰ ਦੇ ਲੜਕੇ ਨਾਲ ਹੈ।ਭਾਰਤ ਪਾਕਿਸਤਾਨ ਦੇ ਖ਼ਰਾਬ ਹੋਏ ਸੰਬੰਧਾਂ ਦੇ ਚੱਲਦੇ ਹੋਏ ਕਰਾਚੀ ਦੀ ਰਹਿਣ ਵਾਲੀ ਪ੍ਰਿਯਾ ਕਾਫ਼ੀ ਪ੍ਰੇਸ਼ਾਨ ਸੀ।

10- ਅਮਰੀਕਾ ‘ਚ ਫਿਰ ਇੱਕ ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਕੈਲੇਫੋਰਨੀਆ ‘ਚ ਇੱਕ 41 ਸਾਲਾ ਸਿੱਖ ‘ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਬੁਰੀ ਤਰਾਂ ਕੁੱਟਿਆ ਗਿਆ। ਹਮਲਾਵਰਾਂ ਨੇ ਉਸ ਦੀ ਪੱਗ ਲਾਹ ਦਿੱਤੀ ਤੇ ਵਾਲ ਚਾਕੂ ਨਾਲ ਕੱਟ ਦਿੱਤੇ। ਇਸ ਘਟਨਾ ਦੀ ਸਿੱਖ ਜਥੇਬੰਦੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।