ਸਿੱਖ 'ਤੇ ਫਿਰ ਹੋਇਆ ਨਸਲੀ ਹਮਲਾ
ਏਬੀਪੀ ਸਾਂਝਾ | 08 Oct 2016 09:54 AM (IST)
ਕੈਲੇਫੋਰਨੀਆ: ਅਮਰੀਕਾ 'ਚ ਫਿਰ ਇੱਕ ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਕੈਲੇਫੋਰਨੀਆ 'ਚ ਇੱਕ 41 ਸਾਲਾ ਸਿੱਖ 'ਤੇ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਬੁਰੀ ਤਰਾਂ ਕੁੱਟਿਆ ਗਿਆ। ਹਮਲਾਵਰਾਂ ਨੇ ਉਸ ਦੀ ਪੱਗ ਲਾਹ ਦਿੱਤੀ ਤੇ ਵਾਲ ਚਾਕੂ ਨਾਲ ਕੱਟ ਦਿੱਤੇ। ਇਸ ਘਟਨਾ ਦੀ ਸਿੱਖ ਜਥੇਬੰਦੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਨੁੱਖੀ ਅਧਿਕਾਰਆਂ ਬਾਰੇ ਜਥੇਬੰਦੀ ‘ਦ ਸਿੱਖ ਕੁਲੀਸ਼ਨ’ ਨੇ ਇਸ ਘਟਨਾ ਦੀ ਜਾਂਚ ਨਸਲੀ ਹਿੰਸਾ ਅਪਰਾਧ ਵਜੋਂ ਕਰਨ ਦੀ ਮੰਗ ਕੀਤੀ ਹੈ। ਹਮਲੇ ਦਾ ਸ਼ਿਕਾਰ ਹੋਇਆ ਮਾਨ ਸਿੰਘ ਖਾਲਸਾ ਕੈਲੇਫੋਰਨੀਆ 'ਚ ਆਈਟੀ ਸੈਕਟਰ 'ਚ ਕੰਮ ਕਰਦਾ ਹੈ। ਉਹ 25 ਸਤੰਬਰ ਦੀ ਰਾਤ ਆਪਣੀ ਗੱਡੀ ’ਚ ਘਰ ਆ ਰਿਹਾ ਸੀ। ਰਾਸਤੇ ਚ ਕੁੱਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀ ਪੱਗ ਲਾਹ ਦਿੱਤੀ ਤੇ ਵਾਲ ਵੀ ਕੱਟ ਦਿੱਤੇ ਗਏ। ਪੀੜਤ ਮਾਨ ਸਿੰਘ ਮੁਤਾਬਕ ਹਮਲਾ ਕਰਨ ਵਾਲੇ ਛੇ ਲੋਕ ਸਨ। ਇਹਨਾਂ ਹਮਲਾਵਰਾਂ 'ਚੋਂ ਪੰਜ ਗੋਰੇ ਸਨ। ਇਸ ਹਮਲੇ ਦੌਰਾਨ ਉਸ ਨੂੰ ਹੋਰ ਵੀ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਇਸ ਦੀ ਜਾਂਚ 'ਚ ਲੱਗੀ ਹੈ।