ਰੂਸ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ
ਏਬੀਪੀ ਸਾਂਝਾ | 17 Oct 2016 04:11 PM (IST)
ਨਵੀਂ ਦਿੱਲੀ: ਭਾਰਤ ਦਾ ਮਿੱਤਰ ਦੇਸ਼ ਰੂਸ ਹੁਣ ਪਾਕਿਸਤਾਨ ਨੂੰ ਹਥਿਆਰ ਜਾਂ ਲੜਾਕੂ ਜਹਾਜ ਨਹੀਂ ਵੇਚੇਗਾ। ਰੂਸੀ ਕੰਪਨੀਆਂ ਦੇ ਸੰਗਠਨ 'ਰੋਸਟੇਕ ਸਟੇਟ ਕਾਰਪੋਰੇਸ਼ਨ' ਦੇ ਸੀ. ਈ. ਓ. ਸਰਗਈ ਕਮੇਜੋਵ ਮੁਤਾਬਕ ਮਾਸਕੋ ਨੇ ਇਸਲਾਮਾਬਾਦ ਨਾਲ ਇਸ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਨੂੰ ਹਥਿਆਰ ਜਾਂ ਫੌਜੀ ਜਹਾਜ਼ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦਾ ਆਧੁਨਿਕ ਜਹਾਜ਼ ਜਾਂ ਫੌਜੀ ਜਹਾਜ਼ ਮੁਹੱਈਆ ਨਹੀਂ ਕਰਾਵਾਂਗੇ। ਹਾਲ ਹੀ 'ਚ ਰੂਸ ਅਤੇ ਪਾਕਿਸਤਾਨ ਵਿਚਕਾਰ ਹੋਏ ਫੌਜੀ ਅਭਿਆਸ ਦੇ ਮੁੱਦੇ 'ਤੇ ਕਮੇਜੋਵ ਨੇ ਕਿਹਾ ਕਿ ਪਾਕਿਸਤਾਨ 'ਚ ਅੱਤਵਾਦ ਰੋਕੂ ਕਾਰਵਾਈ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਅਭਿਆਸ ਨੂੰ ਮਨਜ਼ੂਰੀ ਦਿੱਤੀ ਗਈ ਸੀ। 'ਰੋਸਟੇਕ ਸਟੇਟ ਕਾਰਪੋਰੇਸ਼ਨ' 700 ਰੂਸੀ ਕੰਪਨੀਆਂ ਦਾ ਇੱਕ ਸੰਗਠਨ ਹੈ। ਇਸ ਦੀ ਸਥਾਪਨਾ 2007 'ਚ ਫੌਜੀ ਅਤੇ ਗੈਰ-ਫੌਜੀ ਉਦੇਸ਼ਾਂ ਲਈ ਉੱਚੀ ਤਕਨੀਕ ਵਾਲੇ ਉਦਯੋਗਿਕ ਉਤਪਾਦਾਂ ਦੇ ਵਿਕਾਸ, ਉਤਪਾਦਨ ਅਤੇ ਬਰਾਮਦ ਨੂੰ ਵਾਧਾ ਦੇਣ ਲਈ ਕੀਤੀ ਗਈ ਸੀ। ਇਹ ਸਮਝੌਤਾ ਰੂਸ ਅਤੇ ਭਾਰਤ ਵਿਚਕਾਰ ਹੈਲੀਕਾਪਟਰ ਉਤਪਾਦਨ ਅਤੇ ਸੇਵਾ 'ਚ ਸਹਿਯੋਗ 'ਚ ਅਗਲਾ ਕਦਮ ਹੋਵੇਗਾ।