ਨਵੀਂ ਦਿੱਲੀ: ਕੇਕ ਦਾ ਮਹਿਜ਼ ਇੱਕ ਟੁਕੜਾ ਕਰੀਬ 1 ਲੱਖ 32 ਹਜ਼ਾਰ ਰੁਪਏ ਦਾ ਵਿਕਿਆ ਹੈ। ਇਹ ਕੋਈ ਸਧਾਰਨ ਕੇਕ ਨਹੀਂ ਸਗੋਂ 19ਵੀਂ ਸਦੀ 'ਚ ਮਹਾਰਾਣੀ ਵਿਕਟੋਰੀਆ ਦੇ ਵਿਆਹ ਦੇ ਕੇਕ ਦਾ ਟੁਕੜਾ ਹੈ। ਇਸ ਨੂੰ ਇੱਕ ਨਿਲਾਮੀ ਰਾਹੀਂ ਵੇਚਿਆ ਗਿਆ ਹੈ।

ਮਹਾਰਾਣੀ ਵਿਕਟੋਰੀਆ ਦਾ ਵਿਆਹ 1840 'ਚ ਰਾਜ ਕੁਮਾਰ ਐਲਬਰਟ ਨਾਲ ਹੋਇਆ ਸੀ। ਇਹ ਕੇਕ ਉਸ ਸਮੇਂ ਦਾ ਹੈ। ਜਰਸੀ ਦੇ ਸੰਗ੍ਰਹਿਕ ਡੇਵਿਡ ਗੇਂਸਬਰੋ ਰਾਬਰਟਸ ਨੇ ਇਹ ਕੇਕ ਦਾ ਟੁਕੜਾ ਵੇਚਿਆ ਹੈ। ਇਸ ਕੇਕ ਦੇ ਨਾਲ ਇੱਕ ਗਿਫਟ ਵਾਲਾ ਬਕਸਾ ਵੀ ਵੇਚਿਆ ਗਿਆ ਜਿਸ 'ਤੇ 'ਦ ਕਵੀਨਜ਼ ਬ੍ਰਾਈਡਲ ਕੇਕ ਬਕਿੰਗਮ ਪੈਲੇਸ, 10 ਫਰਵਰੀ, 1840' ਲਿਖਿਆ ਹੋਇਆ ਸੀ। ਇਸ ਦੇ ਨਾਲ ਹੀ ਮਹਾਰਾਣੀ ਵਿਕਟੋਰੀਆ ਦੇ ਦਸਤਖਤ ਵਾਲਾ ਕਾਗਜ਼ ਵੀ ਵੇਚਿਆ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਨੀਲਾਮੀ ਕਰਨ ਵਾਲੀ ਕੰਪਨੀ ਕ੍ਰਿਸਟੀਜ਼ ਨੇ ਇਹ ਨਿਲਾਮੀ ਬੁੱਧਵਾਰ ਨੂੰ ਲੰਦਨ 'ਚ ਕੀਤੀ ਹੈ। ਇਸ 'ਚ ਰਾਜਸ਼ਾਹੀ ਦਾ ਛੋਟਾ ਮੋਟਾ ਸਾਮਾਨ, ਟਾਈਟੈਨਿਕ ਜਹਾਜ਼ ਦੀਆਂ ਚਾਬੀਆਂ ਤੇ ਵਿੰਸਟਨ ਚਰਚਿਲ ਦਾ ਹੈਟ ਵੀ ਵੇਚਿਆ ਗਿਆ। ਮਹਾਰਾਣੀ ਵਿਰਟੋਰੀਆ ਦੇ ਅੰਦਰੂਨੀ ਕੱਪੜੇ ਵੀ 14 ਲੱਖ 37 ਹਜ਼ਾਰ ਰੁਪਏ ਦੇ ਕਰੀਬ ਵਿਕੇ ਹਨ। ਰਾਬਰਟਸ ਦੀ ਅਮਰ ਇਸ ਸਮੇਂ 70 ਸਾਲ ਤੋਂ ਵੱਧ ਹੈ ਤੇ ਉਨ੍ਹਾਂ ਆਪਣੀ ਜਿਆਦਾ ਜਿੰਦਗੀ ਅਦਭੁੱਤ ਚੀਜ਼ਾਂ ਨੂੰ ਇਕੱਠਾ ਕਰਨ 'ਤੇ ਲਾਈ ਹੈ।