ਨਵੀਂ ਦਿੱਲੀ: ਪਾਕਿਸਤਾਨ ਤੋਂ ਵਿਆਹ ਕਰਵਾਉਣ ਲਈ ਭਾਰਤ ਦੇ ਵੀਜ਼ੇ ਦੀ ਮੰਗ ਕਰ ਰਹੀ ਪ੍ਰਿਯਾ ਨੂੰ ਵੀਜ਼ਾ ਮਿਲ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਖਲ ਤੋਂ ਬਾਅਦ ਪ੍ਰਿਯਾ ਤੇ ਉਸ ਦੇ ਹੋਰ 11 ਰਿਸ਼ਤੇਦਾਰਾਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਿਯਾ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ ਸੀ ਤੇ ਉਸ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਲਈ ਗੁਹਾਰ ਲਗਾਈ ਸੀ। ਇਸ 'ਤੇ ਸੁਸ਼ਮਾ ਨੇ ਵੀ ਮਦਦ ਦਾ ਭਰੋਸਾ ਦਿੱਤਾ ਸੀ।
ਪਾਕਿਸਤਾਨ ਦੇ ਕਰਾਚੀ ਤੋਂ ਜੋਧਪੁਰ ਆ ਕੇ ਵਿਆਹ ਕਰਵਾਉਣ ਲਈ ਪ੍ਰਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਆਖਿਰ ਲੰਬੀ ਕੋਸ਼ਿਸ਼ ਦੇ ਬਾਅਦ ਵੀਜ਼ਾ ਮਿਲ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣਾ ਵਾਅਦਾ ਨਿਭਾਇਆ ਅਤੇ ਪਾਕਿਸਤਾਨ ਸਥਿਤ ਭਾਰਤੀ ਅੰਬੈਸੀ ਨੇ ਪ੍ਰਿਆ ਸਮੇਤ ਉਨ੍ਹਾਂ ਦੇ 11 ਰਿਸ਼ਤੇਦਾਰਾਂ ਨੂੰ ਵੀਜ਼ਾ ਜਾਰੀ ਕਰ ਦਿੱਤਾ। ਹੁਣ ਇਹ ਪਰਿਵਾਰ ਕਰਾਚੀ ਤੋਂ ਦਿੱਲੀ ਤੇ ਇੱਥੋਂ ਜੋਧਪੁਰ ਜਾਵੇਗਾ। 7 ਨਵੰਬਰ ਨੂੰ ਪ੍ਰਿਆ ਦਾ ਜੋਧਪੁਰ ਦੇ ਨਰੇਸ਼ ਨਾਲ ਵਿਆਹ ਹੋਣਾ ਹੈ। ਵੀਜ਼ਾ ਮਿਲਣ ਦੇ ਬਾਅਦ ਨਰੇਸ਼ ਦੇ ਪਰਿਵਾਰ ਨੇ ਵਿਆਹ ਦੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ।
ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਆਈ ਤਲਖੀ ਦੇ ਬਾਅਦ ਪ੍ਰਿਆ ਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਮਿਲਣ 'ਚ ਪਰੇਸ਼ਾਨੀ ਆ ਰਹੀ ਸੀ। ਉਨ੍ਹਾਂ ਦਾ ਪਰਿਵਾਰ ਤਿੰਨ ਮਹੀਨੇ ਤੋਂ ਵੀਜ਼ੇ ਲਈ ਭੱਜ-ਦੋੜ ਕਰ ਰਿਹਾ ਸੀ। ਇਸ 'ਚ ਸਾਰੇ ਪਾਸੇ ਤੋਂ ਥੱਕ ਹਾਰ ਕੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਸਹਾਇਤਾ ਮੰਗੀ ਸੀ। ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਵਾਇਆ ਸੀ। ਪ੍ਰਿਆ ਦੇ ਰਿਸ਼ਤੇਦਾਰਾਂ ਨੇ 15 ਲੋਕਾਂ ਦੇ ਲਈ ਵੀਜ਼ੇ ਦੀ ਮੰਗ ਕੀਤੀ ਸੀ। ਇਨ੍ਹਾਂ 'ਚੋਂ 11 ਨੂੰ ਵੀਜ਼ਾ ਮਿਲ ਗਿਆ। ਬਾਕੀ ਚਾਰ ਨੂੰ ਮੁਹੱਰਮ ਦੇ ਛੱਡਣ ਦੇ ਬਾਅਦ ਵੀਜ਼ਾ ਮਿਲ ਜਾਵੇਗਾ। ਇਸ 'ਚ ਦੋਵੇਂ ਪਰਿਵਾਰਾਂ ਨੇ ਹੁਣ ਜੋਰ-ਸ਼ੋਰ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।