106 ਸਾਲਾ ਬੇਬੇ ਨੇ ਢਾਹਿਆ ਕੋਰੋਨਾ, ਡਾਕਟਰਾਂ ਨੇ ਤਾੜੀਆਂ ਮਾਰ ਹਸਪਤਾਲੋਂ ਦਿੱਤੀ ਛੁੱਟੀ
ਏਬੀਪੀ ਸਾਂਝਾ | 16 Apr 2020 03:33 PM (IST)
ਮਾਰਚ ਦੇ ਮੱਧ ਵਿੱਚ ਟਾਈਚੇਨ ਨੂੰ ਨਿਮੂਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਬਾਰੇ ਪਤਾ ਲੱਗਿਆ। ਉਨ੍ਹਾਂ ਦਾ ਇਲਾਜ ਤਿੰਨ ਹਫ਼ਤੇ ਚੱਲਿਆ ਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਲੰਡਨ: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 106 ਸਾਲਾ ਬਜ਼ੁਰਗ ਔਰਤ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਰਮਿੰਘਮ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕੋਨੀ ਟਾਈਚੇਨ ਨਾਂ ਦੀ ਇਸ ਔਰਤ ਨੂੰ ਤਾੜੀਆਂ ਵਜਾ ਕੇ ਵਿਦਾਈ ਦਿੱਤੀ। ਮਾਰਚ ਦੇ ਮੱਧ ਵਿੱਚ ਟਾਈਚੇਨ ਨੂੰ ਨਿਮੂਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਬਾਰੇ ਪਤਾ ਲੱਗਿਆ। ਉਨ੍ਹਾਂ ਦਾ ਇਲਾਜ ਤਿੰਨ ਹਫ਼ਤੇ ਚੱਲਿਆ ਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਬਜ਼ੁਰਗ ਔਰਤ ਦੇ ਪੋਤੇ ਐਲੇਕਸ ਜੌਹਨਸ ਨੇ ਦੱਸਿਆ ਕਿ ਉਨ੍ਹਾਂ ਨੂੰ ਨੱਚਣ, ਸਾਈਕਲ ਚਲਾਉਣ ਤੇ ਗੌਲਫ਼ ਖੇਡਣ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਵੀ ਸਰੀਰਕ ਤੌਰ 'ਤੇ ਸਰਗਰਮ ਰਹਿਣਾ ਹੈ। ਜੌਹਨਸ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਚੂਲੇ ਦਾ ਆਪ੍ਰੇਸ਼ਨ ਹੋਇਆ ਸੀ ਤੇ ਉਹ ਇੱਕ ਮਹੀਨੇ ਵਿੱਚ ਹੀ ਤੁਰਨ-ਫਿਰਨ ਲੱਗੀ ਸੀ। ਅੱਠ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵਾਲੀ ਕੋਨੀ ਦੀ ਦੇਖਭਾਲ ਕਰਨ ਵਾਲੀ ਨਰਸ ਕੇਲੀ ਸਮਿੱਥ ਨੇ ਕਿਹਾ ਕਿ ਕੋਨੀ ਨੂੰ ਸਿਹਤਮੰਦ ਹੁੰਦੇ ਦੇਖਣਾ ਬਹੁਤ ਚੰਗਾ ਰਿਹਾ। ਉਨ੍ਹਾਂ ਆਸ ਕੀਤੀ ਕਿ ਟਾਈਚੇਨ ਵਾਂਗ ਕੋਰੋਨਾ ਵਾਰਡ ਦੇ ਹੋਰ ਮਰੀਜ਼ ਵੀ ਇਸ ਬਿਮਾਰੀ ਨੂੰ ਮਾਤ ਦੇ ਕੇ ਬਾਹਰ ਜਾਣ।