ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਵੱਲੋਂ ਮਿਲਟਰੀ ਅਕੈਡਮੀ ’ਤੇ ਕੀਤੇ ਗਏ ਹਮਲੇ ਨਾਲ 11 ਜਵਾਨਾਂ ਦੀ ਮੌਤ ਹੋ ਗਈ ਹੈ। ਇਸਦੇ ਇਲਾਵਾ 16 ਵਿਅਕਤੀ ਜ਼ਖ਼ਮੀ ਹੋਏ ਹਨ।
ਇਸ ਹਮਲੇ ਵਿੱਚ ਪੰਜ ਹਮਲਾਵਰਾਂ ’ਚੋਂ ਦੋ ਮੁਕਾਬਲੇ ਦੌਰਾਨ ਮਾਰੇ ਗਏ ਜਦਕਿ ਦੋ ਨੇ ਆਪਣੇ ਆਪ ਨੂੰ ਉਡਾ ਲਿਆ ਅਤੇ ਇਕ ਨੂੰ ਜਵਾਨਾਂ ਨੇ ਗ੍ਰਿਫ਼ਤਾਰ ਕਰ ਲਿਆ। ਕੁਝ ਘੰਟਿਆਂ ਮਗਰੋਂ ਇਸਲਾਮਿਕ ਸਟੇਟ ਨੇ ਆਪਣੀ ਵੈੱਬਸਾਈਟ ’ਤੇ ਅਫ਼ਗਾਨਿਸਤਾਨ ’ਚ ਕੀਤੇ ਹਮਲੇ ਦੀ ਜ਼ਿੰਮੇਵਾਰੀ ਕਬੂਲ ਲਈ।
ਅਫ਼ਗਾਨ ਰੱਖਿਆ ਮੰਤਰਾਲੇ ਦੇ ਤਰਜਮਾਨ ਦੌਲਤ ਵਜ਼ੀਰੀ ਨੇ ਦੱਸਿਆ ਕਿ ਪਹਿਲਾਂ ਇਕ ਫਿਦਾਈਨ ਨੇ ਅਕੈਡਮੀ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਫ਼ੌਜੀ ਯੂਨਿਟ ’ਤੇ ਹਮਲਾ ਕੀਤਾ, ਜਿਸ ਮਗਰੋਂ ਦੋਵੇਂ ਪਾਸਿਆਂ ਤੋਂ ਮੁਕਾਬਲਾ ਸ਼ੁਰੂ ਹੋ ਗਿਆ। ਪੰਜ ਹਮਲਾਵਰਾਂ ’ਚੋਂ ਦੋ ਮੁਕਾਬਲੇ ਦੌਰਾਨ ਮਾਰੇ ਗਏ ਜਦਕਿ ਦੋ ਨੇ ਆਪਣੇ ਆਪ ਨੂੰ ਉਡਾ ਲਿਆ ਅਤੇ ਇਕ ਨੂੰ ਜਵਾਨਾਂ ਨੇ ਗ੍ਰਿਫ਼ਤਾਰ ਕਰ ਲਿਆ।
ਗੁਆਂਢੀ ਮੁਲਕ ਪਾਕਿਸਤਾਨ ਨੇ ਅੱਜ ਦੇ ਹਮਲੇ ਦੀ ਨਿਖੇਧੀ ਕੀਤੀ ਹੈ। ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਤਾਲਿਬਾਨ ਨੂੰ ਇਸਲਾਮ ਅਤੇ ਅਤਿਵਾਦ ’ਚੋਂ ਇਕ ਨੂੰ ਚੁਣਨਾ ਪਏਗਾ।