ਇਸਲਾਮਾਬਾਦ: ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਵਿੱਚ ਬੀਤੇ ਦਿਨ ਅੱਤਵਾਦੀਆਂ ਨੇ 12 ਸਕੂਲਾਂ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਸਾੜੇ ਗਏ ਸਕੂਲਾਂ ਵਿੱਚ ਜ਼ਿਆਦਾਤਰ ਲੜਕੀਆਂ ਦੇ ਸਕੂਲ ਸ਼ਾਮਲ ਹਨ। ਪਾਕਿਸਤਾਨੀ ਮੀਡੀਆ ਨੇ ਦਿਆਮਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰਾਂ ਨੇ ਦੁਪਹਿਰ ਲਗਪਗ 2-3 ਵਜੇ ਦੇ ਕਰੀਬ ਸਕੂਲਾਂ ਨੂੰ ਅੱਗ ਲਾਈ।
ਅਧਿਕਾਰੀ ਨੇ ਦੱਸਿਆ ਕਿ ਹਾਲ਼ੇ ਇਹ ਨਹੀਂ ਪਤਾ ਲੱਗਾ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ। ਇਲਾਕੇ ਵਿੱਚ ਬਹੁਤ ਘੱਟ ਅਜਿਹੇ ਲੋਕ ਹਨ, ਜੋ ਕੁੜੀਆਂ ਦੀ ਸਿੱਖਿਆ ਦੇ ਖ਼ਿਲਾਫ ਹਨ, ਜਦਕਿ ਜ਼ਿਆਦਾਤਰ ਲੋਕ ਕੁੜੀਆਂ ਦੀ ਸਿੱਖਿਆ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪਿੱਛੇ ਕਿਸੇ ਇੱਕ ਜਾਂ ਇੱਕ ਤੋਂ ਵੱਧ ਸੰਗਠਨਾਂ ਦਾ ਹੱਥ ਹੋ ਸਕਦਾ ਹੈ।
ਜਿਨ੍ਹਾਂ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਵਿੱਚੋਂ 8 ਸਕੂਲ ਸਰਕਾਰੀ ਸਨ ਜਦਕਿ ਚਾਰ ਸਕੂਲ ਦੂਰ-ਦੁਰੇਡੇ ਤੇ ਪਰਬਤੀ ਖੇਤਰਾਂ ਵਿੱਚ ਅਫ਼ਗ਼ਾਨਿਸਤਾਨ, ਚੀਨ ਤੇ ਜੰਮੂ-ਕਸ਼ਮੀਰ ਦੀ ਹੱਦ ’ਤੇ ਸਥਿਤ ਗੈਰ ਲਾਭਕਾਰੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਸਨ।
ਪਾਕਿਸਤਾਨੀ ਅਖਬਾਰ ਡਾਅਨ ਮੁਤਾਬਕ ਹਮਲਾਵਰਾਂ ਨੇ ਕਿਤਾਬਾਂ ਨੂੰ ਵੀ ਅੱਗ ਲਾ ਦਿੱਤੀ। ਹਰ ਸਕੂਲ ਵਿੱਚ ਔਸਤਨ ਲਗਪਗ 200 ਤੋਂ 300 ਕੁੜੀਆਂ ਪੜ੍ਹਦੀਆਂ ਹਨ ਤੇ ਸਾਰੇ ਸਕੂਲਾਂ ਵਿੱਚ ਖੇਤਰ ਦੀਆਂ ਲਗਪਗ 3500 ਕੁੜੀਆਂ ਰਜਿਸਟਰਡ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 2004 ਤੋਂ 2011 ਵਿਚਾਲੇ ਵੀ ਅਜਿਹੇ ਹਮਲੇ ਹੋਏ ਸਨ। ਦੱਸਿਆ ਜਾਂਦਾ ਹੈ ਕਿ ਇਲਾਕੇ ਦੀ ਸਾਖਰਤਾ ਦਰ ਬੇਹੱਦ ਘੱਟ ਹੈ।