Kabul Blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਮਸਜਿਦ ਦੇ ਅੰਦਰ ਹੋਏ ਧਮਾਕੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਦੇਸ਼ ਦੇ ਉੱਤਰ ਵਿੱਚ ਤਿੰਨ ਮਿੰਨੀ-ਵੈਨ ਬੰਬ ਧਮਾਕਿਆਂ ਵਿੱਚ ਨੌਂ ਲੋਕ ਮਾਰੇ ਗਏ। ਤਾਲਿਬਾਨ ਨੇ ਇਹ ਜਾਣਕਾਰੀ ਦਿੱਤੀ ਹੈ। ਇਸਲਾਮਿਕ ਸਟੇਟ (ਆਈਐਸ) ਨਾਲ ਜੁੜੇ ਇੱਕ ਸਥਾਨਕ ਸਮੂਹ ਨੇ ਮਿਨੀਵੈਨ ਵਿੱਚ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਕਾਬੁਲ ਦੇ ਹਸਪਤਾਲ ਨੇ ਦੱਸਿਆ ਕਿ ਮਸਜਿਦ 'ਚ ਹੋਏ ਬੰਬ ਧਮਾਕੇ 'ਚ ਜ਼ਖ਼ਮੀ ਹੋਏ 22 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ 'ਚੋਂ ਪੰਜ ਦੀ ਮੌਤ ਹੋ ਗਈ।


ਕਾਬੁਲ ਵਿੱਚ ਤਾਲਿਬਾਨ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ 4 ਵਿੱਚ ਹਜ਼ਰਤ ਜ਼ਕਰੀਆ ਮਸਜਿਦ ਵਿੱਚ ਧਮਾਕੇ ਬਾਰੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ। ਜ਼ਦਰਾਨ ਨੇ ਕਿਹਾ, ਜਦੋਂ ਮਸਜਿਦ 'ਚ ਧਮਾਕਾ ਹੋਇਆ ਤਾਂ ਲੋਕ ਸ਼ਾਮ ਦੀ ਨਮਾਜ਼ ਲਈ ਇਕੱਠੇ ਹੋਏ ਸੀ।


ਇਸ ਦੌਰਾਨ ਬਾਲਖ ਸੂਬੇ ਵਿੱਚ ਤਾਲਿਬਾਨ ਦੇ ਬੁਲਾਰੇ ਮੁਹੰਮਦ ਆਸਿਫ਼ ਵਜ਼ੀਰੀ ਨੇ ਕਿਹਾ ਕਿ ਮਜ਼ਾਰ-ਏ-ਸ਼ਰੀਫ਼ ਸ਼ਹਿਰ ਵਿੱਚ ਤਿੰਨ ਮਿਨੀਵੈਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਵਿੱਚ ਵਿਸਫੋਟਕ ਯੰਤਰ ਰੱਖੇ ਗਏ ਸੀ। ਉਨ੍ਹਾਂ ਕਿਹਾ ਕਿ ਧਮਾਕਿਆਂ 'ਚ 9 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ।


ਮਾਰੇ ਗਏ ਸਾਰੇ ਸ਼ੀਆ ਭਾਈਚਾਰੇ ਨਾਲ ਸਬੰਧਤ


ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ 'ਚ ਮਾਰੇ ਗਏ ਸਾਰੇ ਲੋਕ ਦੇਸ਼ ਦੇ ਘੱਟ ਗਿਣਤੀ ਸ਼ੀਆ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸੀ। ਆਈਐਸ ਦੀ ਨਿਊਜ਼ ਏਜੰਸੀ 'ਅਮਾਕ' ਰਾਹੀਂ ਜਾਰੀ ਬਿਆਨ 'ਚ ਸੁੰਨੀ ਅੱਤਵਾਦੀ ਸਮੂਹ ਨੇ ਮਿਨੀਵੈਨ 'ਚ ਹੋਏ ਧਮਾਕਿਆਂ ਦੀ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਆਈਐਸ ਨੇ ਆਈਈਡੀ ਨਾਲ ਤਿੰਨ ਬੱਸਾਂ ਨੂੰ ਨਿਸ਼ਾਨਾ ਬਣਾਇਆ।


ਇਸਲਾਮਿਕ ਸਟੇਟ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ


ਕਾਬੁਲ ਮਸਜਿਦ 'ਤੇ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਅਜਿਹਾ ਲੱਗਦਾ ਹੈ ਕਿ ਇਹ ਖੁਰਾਸਾਨ ਸੂਬੇ ਵਿੱਚ ਇਸਲਾਮਿਕ ਸਟੇਟ ਵਲੋਂ ਕੀਤਾ ਗਿਆ ਹੈ, ਜੋ ਕਿ ਆਈਐਸ ਨਾਲ ਸਬੰਧਿਤ ਇੱਕ ਖੇਤਰੀ ਸਮੂਹ ਹੈ। ਇਹ ਸਮੂਹ ਅਫਗਾਨਿਸਤਾਨ ਵਿੱਚ 2014 ਤੋਂ ਸਰਗਰਮ ਹੈ ਅਤੇ ਦੇਸ਼ ਵਿੱਚ ਨਵੇਂ ਤਾਲਿਬਾਨ ਸ਼ਾਸਕਾਂ ਲਈ ਵੱਡੀਆਂ ਸੁਰੱਖਿਆ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਪਿਛਲੇ ਸਾਲ ਅਗਸਤ 'ਚ ਅਫਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਨੇ ਪੂਰਬੀ ਅਫਗਾਨਿਸਤਾਨ 'ਚ ਆਈਐਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ।


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਦੇ ਫੈਨਸ ਲਈ ਵੱਡੀ ਖ਼ਬਰ, ਐਕਟਰਸ ਛੱਡ ਸਕਦੀ ਸਲਮਾਨ ਦੀ ਫਿਲਮ ‘Kabhi Eid Kabhi Diwali’, ਜਾਣੋ ਕਾਰਨ