ਲੰਡਨ: ਇੱਕ ਇੱਕ ਮਸਜਿਦ ਵਿੱਚ 153 ਕਿੱਲੋਗ੍ਰਾਮ ਦਾ ਸਮੋਸਾ ਬਣਾਇਆ ਗਿਆ ਜੋ ਦੁਨੀਆ ਦੇ ਸਭ ਤੋਂ ਵੱਡੇ ਸਮੋਸੇ ਦੇ ਤੌਰ 'ਤੇ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੋ ਗਿਆ ਹੈ। ਪੂਰਬੀ ਲੰਦਨ ਦੀ ਮਸਜਿਦ ਵਿੱਚ ਕੱਲ੍ਹ ‘ਮੁਸਲਮਾਨ ਏਡ’ ਨਾਂ ਦੇ ਸਮੂਹ ਦੀ 12 ਲੋਕਾਂ ਦੀ ਟੀਮ ਨੇ ਇਹ ਸਮੋਸਾ ਤਿਆਰ ਕੀਤਾ ਹੈ।

ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਵੱਲੋਂ ਪ੍ਰਮਾਣਿਤ ਕੀਤੇ ਜਾਣ ਤੋਂ ਬਾਅਦ ਇਸ ਟੀਮ ਨੇ ਸਮੋਸੇ ਨੂੰ ਵੰਡਿਆ ਤੇ ਵਰਤਾਇਆ। ਇਸ ਸਮੋਸੇ ਨੂੰ ਤਿਆਰ ਕਰਨ ਵਿੱਚ 15 ਘੰਟੇ ਲੱਗੇ। ਇਸ ਤੋਂ ਪਹਿਲਾਂ ਸਭ ਤੋਂ ਵੱਡੇ ਸਮੋਸੇ ਦਾ ਰਿਕਾਰਡ ਉੱਤਰੀ ਇੰਗਲੈਂਡ ਦੇ ਬ੍ਰੈਡਫੋਰਡ ਕਾਲਜ ਵਿੱਚ ਬਣੇ 110.8 ਕਿੱਲੋ ਸਮੋਸੇ ਦੇ ਨਾਂ 'ਤੇ ਸੀ। ਇਹ ਸਮੋਸਾ ਜੂਨ, 2012 ਵਿੱਚ ਤਿਆਰ ਕੀਤਾ ਗਿਆ ਸੀ।

ਗਿਨੀਜ਼ ਵਿਸ਼ਵ ਰਿਕਾਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਮੁਸਲਮਾਨ ਏਡ ਨੂੰ ਮਿਲੀ ਪ੍ਰਭਾਵਸ਼ਾਲੀ ਉਪਲਬਧੀ ਹੈ ਅਤੇ ਇਸ ਕਾਮਯਾਬੀ ਲਈ ਸਖ਼ਤ ਮਿਹਨਤ ਕੀਤੀ ਹੈ। ਮਸਜਿਦ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਈਦ ਜਿਹੇ ਤਿਉਹਾਰਾਂ 'ਤੇ ਮੁਸਲਮਾਨ ਭਾਈਚਾਰੇ ਦੀ ਫਰਾਖ਼ਦਿਲੀ ਵਿਖਾਉਣ ਦੇ ਮਕਸਦ ਲਈ ਇਹ ਸਮੋਸਾ ਤਿਆਰ ਕੀਤਾ ਗਿਆ ਹੈ।