ਐਰੀਜ਼ੋਨਾ: ਅਮਰੀਕਾ ਦੇ ਮੀਸਾ ਸਥਿਤ ਡਿਜ਼ਰਟ ਮੈਡੀਕਲ ਸੈਂਟਰ ਦੇ ਆਈਸੀਯੂ ਵਿੱਚ 16 ਨਰਸਾਂ ਕੰਮ ਕਰਦੀਆਂ ਹਨ ਪਰ ਸਾਰੀਆਂ ਨਰਸਾਂ ਹੀ ਗਰਭਵਤੀ ਹਨ। ਉਹ ਅਕਤੂਬਰ ਤੋਂ ਜਨਵਰੀ ਵਿੱਚ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ। ਇਸ ਨਾਲ ਹਸਪਤਾਲ ਦੇ ਪ੍ਰਬੰਧਕਾਂ ਨੂੰ ਖਾਸੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਗਰਭਵਤੀ ਨਰਸਾਂ ਦੇ ਛੁੱਟੀ ’ਤੇ ਚਲੇ ਜਾਣ ਬਾਅਦ ਮਰੀਜ਼ਾਂ ਦੀ ਦੇਖਰੇਖ ਕਰਨ ਲਈ ਨਵੀਆਂ ਨਰਸਾਂ ਦੀ ਲੋੜ ਪਏਗੀ। ਇਸ ਲਈ ਹੁਣ ਨਵੀਆਂ ਨਰਸਾਂ ਨੂੰ ਕੰਮਕਾਜ ਸਿਖਾਇਆ ਜਾ ਰਿਹਾ ਹੈ ਤਾਂ ਕਿ ਮਰੀਜ਼ਾਂ ਦੀ ਦੇਖਰੇਖ ਵਿੱਚ ਕੋਈ ਅਸਰ ਨਾ ਪਏ।
ਨਰਸਾਂ ਦਾ ਕਹਿਣਾ ਹੈ ਕਿ ਡਿਊਟੀ ਦੌਰਾਨ ਇਸ ਸਬੰਧੀ ਉਨ੍ਹਾਂ ਦੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਇੱਕ-ਇੱਕ ਕਰਕੇ ਗਰਭਵਤੀ ਮਹਿਲਾਵਾਂ ਲਈ ਬਣੇ ਹਸਪਤਾਲ ਦੇ ਫੇਸਬੁੱਕ ਗਰੁੱਪ ਚੈਟ ਵਿੱਚ ਹਿੱਸਾ ਲਿਆ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਸਾਰੀਆਂ ਨਰਸਾਂ ਗਰਭਵਤੀ ਹਨ।
ਹਸਪਤਾਲ ਦੇ ਨਿਰਦੇਸ਼ਕ ਹੀਥਰ ਫਰਾਂਸਿਸ ਨੇ ਦੱਸਿਆ ਕਿ ਨਰਸਾਂ ਦੇ ਛੁੱਟੀ ’ਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਈਸੀਯੂ ਵਿੱਚ ਕੰਮ ਕਰਨ ਦੌਰਾਨ ਸਾਰੀਆਂ ਗਰਭਵਤੀ ਨਰਸਾਂ ਨੂੰ ਇਨਫੈਕਸ਼ਨ ਦਾ ਖਤਰਾ ਵੀ ਵਧ ਗਿਆ ਹੈ। ਇਸ ਲਈ ਉਨ੍ਹਾਂ ਦੀ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇੰਨੀਆਂ ਨਰਸਾਂ ਦੇ ਗਰਭਵਤੀ ਹੋਣ ਨਾਲ ਮਰੀਜ਼ ਵੀ ਹੈਰਾਨ ਹਨ।