ਇਸਲਾਮਾਬਾਦ: ਭਾਰਤ ਤੇ ਅਫ਼ਗ਼ਾਨਿਸਤਾਨ ਨਾਲ ਪਾਕਿਸਤਾਨ ਦੇ ਖਰਾਬ ਰਿਸ਼ਤਿਆਂ ਦੇ ਚੱਲਦਿਆਂ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਸਹੁੰ ਚੁੱਕਣ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਵਿਦੇਸ਼ ਨੀਤੀ ਬਾਰੇ ਕਿਹਾ ਕਿ ਉਹ ਸਾਰੇ ਗੁਆਂਢੀ ਦੇਸ਼ਾਂ ਨਾਲ ਆਪਣੇ ਸਬੰਧ ਸੁਧਾਰਨਾ ਚਾਹੁੰਦੇ ਹਨ। ਜ਼ਰੂਰਤ ਸ਼ਾਂਤੀ ਦੀ ਹੈ, ਇਸ ਦੇ ਬਿਨ੍ਹਾਂ ਉਹ ਪਾਕਿਸਤਾਨ ਦੀ ਸਥਿਤੀ ਨਹੀਂ ਸੁਧਾਰ ਸਕਦੇ।
ਸਰਹੱਦ ’ਤੇ ਪਾਕਿਸਤਾਨੀ ਰੇਂਜਰਾਂ ਦੀ ਗੋਲ਼ੀਬਾਰੀ ਤੇ ਅੱਤਵਾਦ ਦੀਆਂ ਘਟਨਾਵਾਂ ਹੋਣ ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਮਸਲਿਆਂ ਕਰਕੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਵਿਗੜੇ ਹੋਏ ਹਨ। ਪਿਛਲੀ ਸਰਕਾਰ ਵੇਲੇ ਇਹ ਰਿਸ਼ਤੇ ਹੋਰ ਵਿਗੜੇ। ਪਾਕਿਸਤਾਨ ਲਗਾਤਾਰ ਚੀਨ ਨਾਲ ਰਿਹਾ ਹੈ। ਹਾਲਾਂਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਬਾਅਦ ਹੁਣ ਭਾਰਤ ਪ੍ਰਤੀ ਉਸ ਦੇ ਰੁਖ਼ ਦੀ ਉਡੀਕ ਕੀਤੀ ਜਾ ਰਹੀ ਹੈ।
ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਮਰਾਨ ਖਾਨ ਨੂੰ ਫੋਨ ’ਤੇ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ ਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਨਵੀਂ ਸ਼ੁਰੂਆਤ ਦੀ ਉਮੀਦ ਜਤਾਈ ਸੀ। ਖਾਨ ਨੇ ਵੀ ਪੀਐਮ ਮੋਦੀ ਨੂੰ ਵਧਾਈ ਲਈ ਧੰਨਵਾਦ ਕੀਤਾ ਸੀ। ਇਸ ਤੋਂ ਪਹਿਲਾਂ 26 ਜੁਲਾਈ ਨੂੰ ਜਿੱਤ ਪਿੱਛੋਂ ਇਮਰਾਨ ਖਾਨ ਨੇ ਕਿਹਾ ਸੀ ਕਿ ਜੇ ਭਾਰਤ ਉਨ੍ਹਾਂ ਵੱਲ ਇੱਕ ਕਦਮ ਵਧਾਏਗਾ ਤਾਂ ਪਾਕਿਸਤਾਨ ਭਾਰਤ ਵੱਲ ਦੋ ਕਦਮ ਵਧਾਏਗਾ। ਉਹ ਭਾਰਤ ਨਾਲ ਚੰਗੇ ਰਿਸ਼ਤੇ ਦੇ ਨਾਲ-ਨਾਲ ਮਜ਼ਬੂਤ ਵਪਾਰਕ ਸਬੰਧ ਵੀ ਚਾਹੁੰਦੇ ਹਨ।
ਭਾਰਤੀ ਸਿਆਸਤ ਮਾਹਰਾਂ ਦਾ ਮੰਨਣਾ ਹੈ ਕਿ ਇਮਰਾਨ ਖਾਨ ਦੀ ਸਰਕਾਰ ਵਿੱਚ ਹੀ ਭਾਰਤ-ਪਾਕਿ ਰਿਸ਼ਤਾ ਸੁਧਰਨ ਦੀ ਉਮੀਦ ਹੈ। ਇਸ ਦੀ ਵੱਡੀ ਵਜ੍ਹਾ ਇਮਰਾਨ ਖਾਨ ਤੇ ਪਾਕਿਸਤਾਨੀ ਫੌਜ ਦਰਮਿਆਨ ਨਜ਼ਦੀਕੀ ਹੈ।