ਇਸਲਾਮਾਬਾਦ: ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਣੇ 21 ਮੈਂਬਰੀ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ। ਸਾਲ 2008 ਵਿੱਚ ਮੁੰਬਈ ਤੇ ਕਵਾਦੀ ਹਮਲੇ ਦੌਰਾਨ ਵੀ ਕੁਰੈਸ਼ੀ ਹੀ ਵਿਦੇਸ਼ ਮੰਤਰੀ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਬੁਲਾਰੇ ਫਵਾਦ ਚੌਧਰੀ ਨੇ ਦੱਸਿਆ ਕਿ ਐਲਾਨੇ ਗਏ 21 ਨਾਵਾਂ ਵਿੱਚੋਂ 16 ਮੰਤਰੀ ਹੋਣਗੇ ਜਦਕਿ ਪੰਜ ਹੋਰ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੇ ਤੌਰ ’ਤੇ ਆਪਣੇ ਸੇਵਾ ਦੇਣਗੇ।

ਉਨ੍ਹਾਂ ਦੱਸਿਆ ਕਿ ਨਵੇਂ ਮੰਤਰੀ ਮੰਡਲ ਦੇ ਅੱਜ ਨੂੰ ਰਾਸ਼ਟਰਪਤੀ ਭਵਨ ਵਿੱਚ ਸਹੁੰ ਚੁੱਕਣ ਦੀ ਸੰਭਾਵਨਾ ਹੈ। ਚੌਧਰੀ ਵੱਲੋਂ ਟਵਿੱਟਰ ’ਤੇ ਸਾਂਝੀ ਕੀਤੀ ਲਿਸਟ ਮੁਤਾਬਕ ਕੁਰੈਸ਼ੀ ਨੂੰ ਵਿਦੇਸ਼ ਮੰਤਰੀ, ਪਰਵੇਜ ਖੱਟਕ ਨੂੰ ਰੱਖਿਆ ਮੰਤਰ ਤੇ ਅਸਦ ਅਮੇਰ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ।

ਰਾਵਲਪਿੰਡੀ ਦੇ ਸ਼ੇਖ ਰਾਸ਼ਿਦ ਨੂੰ ਰੇਲ ਮੰਤਰੀ ਨਿਯੁਕਤ ਕੀਤਾ ਗਿਆ ਹੈ। ਤਿੰਨ ਮਹਿਲਾਵਾਂ ਸ਼ਿਰੀਨ ਮਜਾਰੀ, ਜੁਬੈਦਾ ਜਲਾਲ ਤੇ ਫਹਮਿਦਾ ਮਿਰਜਾ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਹਨ।

ਮੰਤਰੀ ਦਾ ਦਰਜਾ ਰੱਖਣ ਵਾਲੇ ਪੰਜ ਸਲਾਹਕਾਰਾਂ ਵਿੱਚ ਸਾਬਕਾ ਬੈਂਕਰ ਇਸ਼ਰਤ ਹੁਸੈਨ, ਕਾਰੋਬਾਰੀ ਅਬਦੁਲ ਰੱਜਾਕ ਦਾਊਦ ਤੇ ਬਾਬਰ ਅਵਾਨ ਵਰਗੇ ਦਿੱਗਜ ਚਿਹਰੇ ਸ਼ਾਮਲ ਹਨ।