ਜਕਾਰਤਾ: 18ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਵੀ ਤਗ਼ਮਾ ਸੂਚੀ ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ। ਨਿਸ਼ਾਨੇਬਾਜ਼ ਰਵੀ ਕੁਮਾਰ ਤੇ ਅਪੂਰਵੀ ਚੰਦੇਲਾ ਨੇ 10 ਮੀਟਰ ਮਿਸ਼ਰਤ ਏਅਰ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਆਪਣੇ ਨਾਂ ਕਰ ਲਿਆ ਹੈ।
ਦੋਵਾਂ ਖਿਡਾਰੀਆਂ ਦੀ ਜੋੜੀ ਨੇ ਆਪਣੇ ਤੀਜੇ ਪੋਡੀਅਮ ਨੂੰ 429.9 ਸਕੋਰ ਨਾਲ ਖ਼ਤਮ ਕਰ ਕੇ ਬ੍ਰੌਂਜ਼ ਮੈਡਲ ਹਾਸਲ ਕੀਤਾ। ਜਦਕਿ, ਚੀਨ ਨੇ 492.5 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਰਵੀ ਕੁਮਾਰ ਤੇ ਅਪੂਰਵੀ ਚੰਦੇਲਾ ਟੀਮ ਸਕੋਰ ਵਿੱਚ ਦੂਜੇ ਸਭ ਤੋਂ ਵਧੀਆ ਅੰਕ (835.3) ਹਾਸਲ ਕਰਨ 'ਤੇ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ।
ਉੱਧਰ, ਮਨੂੰ ਭਾਕਰ ਤੇ ਅਭਿਸ਼ੇਕ ਵਰਮਾ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਦਾਖ਼ਲਾ ਲੈਣੋਂ ਹੀ ਖੁੰਝ ਗਏ। ਪਹਿਲਵਾਨ ਸੁਸ਼ੀਲ ਕੁਮਾਰ ਵੀ 74 ਕਿੱਲੋ ਭਾਰ ਵਰਗ ਵਿੱਚ ਬਰੂਨੇਈ ਦੇ ਐਡਮ ਬੈਟਿਰੋਵ ਹੱਥੋਂ 3-5 ਦੇ ਫਰਕ ਨਾਲ ਹਾਰ ਗਏ। ਸੁਸ਼ੀਲ ਦੀ ਹਾਰ 'ਤੇ ਸਭਨਾਂ ਨੂੰ ਹੈਰਾਨੀ ਹੋਈ।