ਸਿੱਖ ਕੁੜੀ ਆਈਐਸ ’ਚ ਸ਼ਾਮਲ! ਖੁਲਾਸੇ ਨੇ ਉਡਾਏ ਹੋਸ਼...
ਏਬੀਪੀ ਸਾਂਝਾ | 26 Jan 2018 09:46 AM (IST)
ਲੰਡਨ- ਪੰਜਾਬੀ ਮੂਲ ਦੀ ਸੰਦੀਪ ਸਮਰਾ, ਜਿਹੜੀ ਧਰਮ ਪਰਿਵਰਤਨ ਕਰਕੇ ਹੁਣ ਮੁਸਲਿਮ ਬਣ ਚੁੱਕੀ ਹੈ, ਨੇ ਮੰਨਿਆ ਕਿ ਉਹ ਸੀਰੀਆ ਜਾ ਕੇ ਇਸਲਾਮਿਕ ਅੱਤਵਾਦੀਆਂ ਦੀ ਇੱਕ ਨਰਸ ਵਜੋਂ ਮਦਦ ਕਰਨ ਦੀ ਯੋਜਨਾ ਬਣਾ ਰਹੀ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਸੁਨੇਹੇ ਦੱਸਦੇ ਹਨ ਕਿ ਸਮਰਾ ਆਈ ਐਸ ਆਈ ਐਸ ਦੀ ਮਦਦ ਕਰਨ ਦੀ ਯੋਜਨਾ ਬਣਾ ਰਹੀ ਸੀ, ਉਹ ਮਰਨ ਜਾ ਰਹੀ ਸੀ ਤੇ ਉਸ ਦਾ ਮਕਸਦ ਇਸਲਾਮਿਕ ਸਟੇਟ ਦੇ ਲਈ ਮਰਨਾ ਸੀ। ਸੰਦੀਪ ਸਮਰਾ, ਜਿਸ ਨੇ ਅਦਾਲਤ ਵਿੱਚ ਨੀਲਾ ਕੋਟ ਤੇ ਉਨ ਵਾਲਾ ਸਕਾਰਫ ਪਹਿਨਿਆ ਹੋਇਆ ਸੀ, ਹੁਣ ਅਦਾਲਤ ਦੀ ਸੁਣਵਾਈ ਦਾ ਸਾਹਮਣਾ ਇਸ ਲਈ ਕਰ ਰਹੀ ਹੈ ਕਿ ਉਹ ਅੱਤਵਾਦੀ ਕਾਰਵਾਈਆਂ ਦਾ ਇਰਾਦਾ ਰੱਖਦੀ ਸੀ। ਸਰਕਾਰੀ ਵਕੀਲ ਕਿਊ ਸੀ ਸਾਰਾਹ ਵਾਈਟ ਹਾਊਸ ਨੇ ਅਦਾਲਤ ਨੂੰ ਦੱਸਿਆ ਕਿ ਸਮਰਾ ਦੇ ਇਰਾਦੇ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਭੇਜੇ ਸੰਦੇਸ਼ਾਂ ਤੋਂ ਪ੍ਰਗਟ ਹੁੰਦੇ ਹਨ। ਕਵੈਂਟਰੀ ਦੇ ਲੇਇੰਗ ਹਾਲ ਸਕੂਲ ਦੀ ਪੜ੍ਹੀ ਸੰਦੀਪ ਸਮਰਾ, ਜਿਸ ਨੇ ਇਸਲਾਮ ਧਰਮ ਅਪਣਾ ਲਿਆ ਸੀ, ਜਦੋਂ ਜੁਲਾਈ 2015 ਵਿੱਚ ਸਿਰਫ 16 ਸਾਲ ਦੀ ਸੀ, ਉਸ ਬਾਰੇ ਪਤਾ ਲੱਗਾ ਕਿ ਉਹ ਇਸਲਾਮਿਕ ਸਟੇਟ ਦੀ ਹਮਾਇਤੀ ਹੋ ਗਈ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਸਮਰਾ ਸਤੰਬਰ 2015 ਵਿੱਚ ਪਾਸਪੋਰਟ ਉਸ ਦੇ ਅਧਿਆਪਕਾਂ ਵੱਲੋਂ ਉਸ ਬਾਰੇ ਚਿੰਤਾ ਪ੍ਰਗਟਾਉਣ ਪਿੱਛੋਂ ਉਸ ਦੇ ਪਿਤਾ ਨੇ ਇਕ ਮਹੀਨੇ ਬਾਅਦ ਪੁਲਸ ਨੂੰ ਸੌਂਪ ਦਿੱਤਾ। ਜੂਨ 2017 ਵਿੱਚ ਸੰਦੀਪ ਨੇ ਮੁੜ ਪਾਸਪੋਰਟ ਲਈ ਅਰਜ਼ੀ ਦਿੱਤੀ ਤੇ ਇਕ ਮਹੀਨੇ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ, ਜਿਸ ਤੋਂ ਇਹ ਪਤਾ ਲੱਗਾ ਕਿ ਉਹ ਸੀਰੀਆ ਜਾਣ ਦੀ ਯੋਜਨਾ ਬਣਾ ਰਹੀ ਸੀ। ਸੰਦੀਪ ਨੇ ਅਦਾਲਤ ਵਿੱਚ ਅਜੇ ਕੁਝ ਸਬੂਤ ਪੇਸ਼ ਕਰਨੇ ਹਨ।