ਪੈਰਿਸ- ਫਰਾਂਸ ਦੀ ਈਮੈਨੁਅਲ ਮੈਕਰੋਨ ਸਰਕਾਰ ਨੇ ਇਕ ਨਵਾਂ ਕਾਨੂੰਨ ਬਣਾਇਆ ਹੈ। ਇੱਥੇ ਪਾਰਲੀਮੈਂਟ ਦੇ ਮੈਂਬਰਾਂ ਨੇ ਅਜਿਹਾ ਬਿੱਲ ਪਾਸ ਕੀਤਾ ਹੈ, ਜਿਹੜਾ ਲੋਕਾਂ ਨੂੰ ‘ਇੱਕ ਗਲਤੀ ਕਰਨ ਦਾ ਹੱਕ’ ਦਿੰਦਾ ਹੈ। ਮੰਗਲਵਾਰ ਰਾਤ ਫਰਾਂਸ ਦੀ ਨੈਸ਼ਨਲ ਅਸੈਂਬਲੀ (ਪਾਰਲੀਮੈਂਟ) ਵਿਚ ਮੈਂਬਰਾਂ ਨੇ ਪਹਿਲਾਂ ਲਾਗੂ ਕਾਨੂੰਨ ਵਿਚ ਸੋਧ ਕਰ ਕੇ ਉਸ ਦੇ ਪੱਖ ਵਿਚ ਵੋਟ ਪਾਏ। ਇਸ ਦੇ ਤਹਿਤ ਹੁਣ ਫਰਾਂਸ ਵਿਚ ਲੋਕਾਂ ਨੂੰ ਇੱਕ ਗਲਤੀ ਕਰਨ ਦਾ ਹੱਕ ਦੇ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਫਰਾਂਸ ਦੇ ਨਵੇਂ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਸ ਕਾਨੂੰਨ ਨੂੰ ਲਿਆਉਣ ਦੀ ਗੱਲ ਕੀਤੀ ਸੀ। ਇਸ ਕਾਨੂੰਨ ਦੇ ਤਹਿਤ ਫਰਾਂਸ ਦੇ ਨਾਗਰਿਕ ਚੰਗੀ ਨੀਤ ਰੱਖ ਕੇ ਗਲਤੀ ਕਰ ਸਕਦੇ ਹਨ। ਇਸ ਗਲਤੀ ਉੱਤੇ ਉਨ੍ਹਾਂ ਨੂੰ ਸਜ਼ਾ ਨਹੀਂ ਹੋਵੇਗੀ।
ਇਸ ਕਾਨੂੰਨ ਹੇਠ ਫਰਾਂਸ ਵਿਚ ਲੋਕ ਜੇ ਸਰਕਾਰੀ ਕੰਮ ਕਰਵਾਉਣ ਵੇਲੇ ਕੋਈ ਗਲਤੀ ਕਰ ਦਿੰਦੇ ਹਨ ਤੇ ਇਸ ਪਿੱਛੇ ਉਨ੍ਹਾਂ ਦੀ ਨੀਤ ਸਾਫ, ਭਾਵ ਕੋਈ ਗਲਤ ਇਰਾਦਾ ਨਹੀਂ ਤਾਂ ਉਨ੍ਹਾਂ ਦੀ ਗਲਤੀ ਮੁਆਫ ਕੀਤੀ ਜਾਵੇਗੀ। ਇਹ ਛੋਟ ਸਿਰਫ ਅਜਿਹੀ ਪਹਿਲੀ ਗਲਤੀ ਕਰਨ ਉੱਤੇ ਮਿਲੇਗੀ। ਇਸ ਦੇ ਇਲਾਵਾ ਜੇ ਪ੍ਰਸ਼ਾਸਨ ਚਾਹੇ ਤਾਂ ਜਾਂਚ ਕਰ ਸਕਦਾ ਹੈ ਕਿ ਗਲਤੀ ਪਿੱਛੇ ਦੀ ਨੀਤ ਚੰਗੀ ਹੈ ਜਾਂ ਬੁਰੀ। ਜੇ ਇਹ ਗਲਤੀ ਸਿਹਤ ਵਿਭਾਗ ਦੇ ਕੰਮਕਾਜ ਵਿਚ ਹੁੰਦੀ ਹੈ ਤਾਂ ਉਸ ਉੱਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ।