ਲਾਂਸਿੰਗ: ਮੈਡੀਕਲ ਇਲਾਜ ਦੇ ਨਾਮ 'ਤੇ ਕਈ ਔਰਤਾਂ ਨਾਲ ਸ਼ਰੀਰਕ ਸ਼ੋਸ਼ਣ ਦੇ ਮਾਮਲੇ 'ਚ ਅਮਰੀਕਾ ਵਿੱਚ ਜਿਮਨਾਸਟਿਕ ਨਾਲ ਜੁੜੇ ਸਾਬਕਾ ਡਾਕਟਰ ਲੈਰੀ ਨਾਸਰ ਨੂੰ 40 ਤੋਂ 175 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਨਾਸਰ ਦਾ ਸ਼ਿਕਾਰ ਬਣੀਆਂ 150 ਤੋਂ ਵਧੇਰੇ ਔਰਤਾਂ ਦੀ ਗਵਾਹੀ ਤੋਂ ਬਾਅਦ ਜੱਜ ਰੋਜ਼ਮੈਰੀ ਐਕਵਲੀਨ ਨੇ ਕਿਹਾ, "ਮੈਂ ਹੁਣੇ ਤੁਹਾਡੇ ਡੈੱਥ ਵਾਰੰਟ ਦੇ ਸਾਈਨ ਕੀਤੇ ਹਨ।" ਲਾਂਸਿੰਗ ਮਿਸ਼ੀਗਨ ਦੀ ਇੱਕ ਤਣਾਅ ਭਰੀ ਅਦਾਲਤ ਵਿੱਚ ਜੱਜ ਨੇ 54 ਸਾਲ ਦੇ ਨਾਸਰ ਨੂੰ ਕਿਹਾ, "ਤੁਸੀਂ ਦੁਬਾਰਾ ਕਦੇ ਜੇਲ੍ਹ ਵਿੱਚੋਂ ਬਾਹਰ ਨਿਕਲਣ ਦੇ ਹੱਕਦਾਰ ਨਹੀਂ ਹੋ।"
ਆਪਣਾ ਪੱਖ ਰੱਖਣ ਦਾ ਮੌਕਾ ਮਿਲਣ 'ਤੇ ਨਾਸਰ ਨੇ ਮੁਆਫੀ ਮੰਗਦਿਆਂ ਕਿਹਾ, "ਤੁਸੀਂ ਜੋ ਵੀ ਕਿਹਾ ਉਸ ਦਾ ਮੇਰੇ 'ਤੇ ਗਹਿਰਾ ਅਸਰ ਪਿਆ ਹੈ ਤੇ ਇਨ੍ਹਾਂ ਗੱਲਾਂ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਮੈਂ ਆਪਣੀ ਬਾਕੀ ਦੀ ਜ਼ਿੰਦਗੀ ਤੁਹਾਡੇ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਅਧਾਰ ਮੰਨ ਕੇ ਚੱਲਾਂਗਾ।" ਨਾਸਰ ਜਦੋਂ ਇਹ ਗੱਲਾਂ ਬੋਲ ਰਿਹਾ ਸੀ ਤਾਂ ਉੱਥੇ ਮੌਜੂਦ ਔਰਤਾਂ ਗੁੱਸੇ ਵਿੱਚ ਨਜ਼ਰ ਆਈਆਂ।