ਅਲਬਰਟਾ ਦੇ ਸਾਬਕਾ ਪ੍ਰੀਮੀਅਰ ਦੀ ਹਵਾਈ ਹਾਦਸੇ 'ਚ ਮੌਤ
ਏਬੀਪੀ ਸਾਂਝਾ | 15 Oct 2016 04:06 PM (IST)
ਟੋਰਾਂਟੋ : ਅਲਬਰਟਾ ਦੇ ਸਾਬਕਾ ਪ੍ਰੀਮੀਅਮ ਜਿੰਮ ਪ੍ਰਿਟਸ ਦਾ ਜਹਾਜ਼ ਹਾਦਸੇ ਵਿੱਚ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਪ੍ਰੀਮੀਅਰ ਨੇ ਬੀਤੀ ਰਾਤ ਕਲੋਨਾ ਬੀ ਸੀ ਤੋਂ ਕੈਲਗਰੀ ਆਉਣ ਲਈ ਉਡਾਣ ਭਰੀ ਸੀ ਪਰ ਰਸਤੇ ਵਿੱਚ ਹੀ ਉਨ੍ਹਾਂ ਦਾ ਜਹਾਜ਼ ਕਰੈਸ਼ ਹੋ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਕੇ ਉੱਤੇ ਮੌਤ ਹੋ ਗਈ। ਬੀ ਸੀ ਦੇ ਹਵਾਈ ਅੱਡੇ ਤੋਂ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਕੁੱਝ ਸਮੇਂ ਬਾਅਦ ਹੀ ਇਹ ਰਡਾਰ ਤੋਂ ਗ਼ਾਇਬ ਹੋ ਗਿਆ ਅਤੇ ਨੇੜਲੇ ਜੰਗਲਾਂ ਵਿੱਚ ਡਿਗ ਗਿਆ। ਸਾਬਕਾ ਪ੍ਰੀਮੀਅਰ ਨਾਲ ਜਹਾਜ਼ ਵਿੱਚ ਤਿੰਨ ਹੋਰ ਲੋਕ ਵੀ ਸਵਾਰ ਸਨ ਜਿਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ। ਜਿੰਮ ਪ੍ਰਿਟਸ ਨੇ ਅਲਬਰਟਾ ਦੇ 16ਵੇਂ ਪ੍ਰੀਮੀਅਰ ਵਜੋਂ 2014 ਵਿੱਚ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਸਬੰਧ ਪ੍ਰੋਗਰੈਸਿਵ ਕੰਜਰਵਿਟੇਵ ਪਾਰਟੀ ਨਾਲ ਸੀ। ਪੰਜਾਬੀ ਭਾਈਚਾਰੇ ਵਿੱਚ ਵੀ ਉਨ੍ਹਾਂ ਦਾ ਚੰਗਾ ਆਧਾਰ ਸੀ। ਇਸ ਕਰ ਕੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਸਮੇਤ ਅਲਬਰਟਾ ਦੀ ਮੌਜੂਦਾ ਪ੍ਰੀਮੀਅਰ ਰੇਚਲ ਨੋਟਲੇ ਅਤੇ ਪੰਜਾਬੀ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ, ਕੈਬਨਿਟ ਮੰਤਰੀ ਇਰਫਾਨ ਸਾਬਰ,ਵਿਧਾਇਕ ਪ੍ਰਭ ਗਿੱਲ ਨੇ ਪ੍ਰਿਟਸ ਦੇ ਅਚਾਨਕ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।