ਇਸਲਾਮਾਬਾਦ: ਉੱਤਰ-ਪੱਛਮੀ ਪਾਕਿਸਤਾਨ ’ਚ ਮੰਦਰ ਦੀ ਮੁਰੰਮਤ ਦਾ ਵਿਰੋਧ ਕਰ ਰਹੇ ਲੋਕਾਂ ਨੇ ਪਹਿਲਾਂ ਮੰਦਰ ਦੀ ਤੋੜ-ਭੰਨ ਕੀਤੀ ਤੇ ਫਿਰ ਉਸ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਦੇਸ਼ ਦੀ ਇੱਕ ਕੱਟੜ ਇਸਲਾਮਿਕ ਪਾਰਟੀ ਦੇ 26 ਮੈਂਬਰਾਂ ਨੂੰ ਇਸ ਸਬੰਧੀ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਰਹਿਮਤਉੱਲ੍ਹਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਖ਼ੈਬਰ ਪਖ਼ਤੂਨਖ਼ਵਾ ’ਚ ਕਰਕ ਜ਼ਿਲ੍ਹੇ ਦੇ ਪਿੰਡ ਟੇਰੀ ’ਚ ਮੰਦਰ ਉੱਤੇ ਹਮਲੇ ਤੋਂ ਬਾਅਦ ‘ਜਮੀਅਤ ਉਲੇਮਾ--ਇਸਲਾਮ’ ਪਾਰਟੀ ਦੇ ਆਗੂ ਰਹਿਮਤ ਸਲਾਮ ਖੱਟਕ ਸਮੇਤ 26 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਦੌਰਾਨ ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਸੁਣਵਾਈ ਲਈ 5 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਜਾਰੀ ਬਿਆਨ ਮੁਤਾਬਕ ਨੈਸ਼ਨਲ ਅਸੈਂਬਲੀ ਦੇ ਮੈਂਬਰ ਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਰਮੇਸ਼ ਕੁਮਾਰ ਨੂੰ ਚੀਫ਼ ਜਸਟਿਸ ਨੂੰ ਸੱਦਿਆ ਤੇ ਇਸ ਮੁੱਦੇ ਬਾਰੇ ਚਰਚਾ ਕੀਤੀ।

ਇਸ ਘਟਨਾ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਨਿਖੇਧੀ ਕੀਤੀ ਹੈ। ਪਾਕਿਸਤਾਨ ’ਚ ਮਨੁੱਖੀ ਅਧਿਕਾਰਾਂ ਲਈ ਸੰਘੀ ਸੰਸਦੀ ਸਕੱਤਰ ਲਾਲ ਚੰਦ ਮੱਲ੍ਹੀ ਨੇ ਇਸ ਹਮਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਅਜਿਹੀਆਂ ਗ਼ੈਰ ਸਮਾਜਕ ਗਤੀਵਿਧੀਆਂ ਕਰ ਰਹੀਆਂ ਹਨ, ਸਰਕਾਰ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਮੰਦਰ ਉੱਤੇ ਹਮਲੇ ਦੀ ਘਟਨਾ ਨੂੰ ਮੰਦਭਾਗੀ ਦੱਸਿਆ ਹੈ ਤੇ ਇਸ ਵਿੱਚ ਸ਼ਾਮਲ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ। ਉਨ੍ਹਾਂ ਪੂਜਾ ਸਥਾਨਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਰਾਖੀ ਦਾ ਸੰਕਲਪ ਲਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904