ਅਲਬਰਟਾ: ਜੈਸਪਰ ਵਿੱਚ ਸੜਕ ਹਾਦਸੇ ਦੌਰਾਨ 6 ਜਣਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਸ਼ਨਾਖਤ ਹੋਣ ਪਿੱਛੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚੋਂ 4 ਭਾਰਤੀ ਮੂਲ ਦੇ ਸਨ ਤੇ ਚਾਰੇ ਬੈਂਫ ’ਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ। ਮੰਗਲਵਾਰ ਨੂੰ ਹੋਏ ਭਿਆਨਕ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਵੀਰਵਾਰ ਨੂੰ ਜਾਰੀ ਕੀਤੀ ਗਈ।
ਹਾਦਸੇ ਵਿੱਚ 6 ਜਣਿਆਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚੋਂ 4 ਭਾਰਤੀ ਮੂਲ ਦੇ ਸਨ, ਜਦਕਿ ਇੱਕ ਪਰਿਵਾਰ ਅਮਰੀਕਾ ਤੋਂ ਆਇਆ ਆਇਆ ਸੀ। ਅਮਰੀਕੀ ਪਰਿਵਾਰ ਦੇ 5 ਮੈਂਬਰਾਂ ਵਿੱਚੋਂ 2 ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਐਂਜਿਲਾ ਤੇ ਨਿੱਕ ਵਜੋਂ ਹੋਈ ਹੈ।
ਦੂਜੀ ਗੱਡੀ ਵਿੱਚ ਭਾਰਤੀ ਮੂਲ ਦੇ 4 ਜਣੇ ਸਵਾਰ ਸਨ ਤੇ ਹਾਦਸੇ ਦੌਰਾਨ ਚਾਰਾਂ ਦੀ ਜਾਨ ਚਲੀ ਗਈ। ਇਨ੍ਹਾਂ ਦੀ ਪਛਾਣ ਅਨੰਦ ਸਿੰਘ ਪੰਵਰ, ਪਵਨ ਕਥਿਆਤ, ਗਣੇਸ਼ ਅਨਾਲਾ ਤੇ ਗੈਲੈਕ ਵੰਗਮੋ ਵਜੋਂ ਹੋਈ ਹੈ। ਅਨੰਦ ਤੇ ਪਵਨ ਬੈਂਫ ਦੇ ਮਸਾਲਾ ਅਉਥੈਂਟਿਕ ਇੰਡੀਅਨ ਕੁਜ਼ੀਨ ਰੈਸਟੋਰੈਂਟ ਵਿੱਚ ਬਤੌਰ ਸ਼ੈੱਫ ਕੰਮ ਕਰਦੇ ਸਨ। ਗਣੇਸ਼ ਇਸੇ ਰੈਸਟੋਰੈਂਟ ਵਿੱਚ ਕਿਚਨ ਹੈਲਪਰ ਦੇ ਤੌਰ ’ਤੇ ਕੰਮ ਕਰ ਰਿਹਾ ਸੀ। ਵੰਗਮੋ ਰਿਮਰੌਕ ਹੋਟਲ ਵਿੱਚ ਹਾਊਸਕੀਪਰ ਸੀ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚਾਰੇ ਪੀੜਤਾਂ ਦੇ ਪਰਿਵਾਰ ਭਾਰਤ ਵਿੱਚ ਹੀ ਰਹਿੰਦੇ ਹਨ।