ਵਾਸ਼ਿੰਗਟਨ: ਅਮਰੀਕਾ ਵਿੱਚ ਬੇਹੱਦ ਡਰਾਉਣੀ ਖ਼ਬਰ ਆਈ ਹੈ। ਇੱਥੇ ਚਾਰ ਸਾਲ ਦੇ ਬੱਚੇ ਨੇ ਆਪਣੀ ਗਰਭਵਤੀ ਮਾਂ ਨੂੰ ਗੋਲ਼ੀ ਮਾਰ ਦਿੱਤੀ। ਬੱਚੇ ਨੇ ਬਿਸਤਰੇ ਦੇ ਹੇਠ ਭਰੀ ਹੋਈ ਬੰਦੂਕ ਮਿਲੀ, ਜਿਸ ਨਾਲ ਉਸ ਨੇ ਆਪਣੀ ਮਾਂ ਦੇ ਹੀ ਚਿਹਰੇ 'ਤੇ ਗੋਲ਼ੀ ਮਾਰ ਦਿੱਤੀ। ਹਾਲਾਂਕਿ, ਔਰਤ ਦੀ ਜਾਨ ਬਚ ਗਈ ਪਰ ਹਾਲਤ ਨਾਜ਼ੁਕ ਹੈ। ਕਿੰਗ ਕਾਊਂਟੀ ਸ਼ੈਰਿਫ ਦਫ਼ਤਰ ਦੇ ਬੁਲਾਰੇ ਰਾਇਨ ਏਬੋਟ ਨੇ ਦੱਸਿਆ ਕਿ ਘਟਨਾ ਦੌਰਾਨ 27 ਸਾਲ ਦੀ ਔਰਤ ਤੇ ਉਸ ਦਾ ਪ੍ਰੇਮੀ ਬੈੱਡ 'ਤੇ ਟੀਵੀ ਦੇਖ ਰਹੇ ਸਨ। ਇਸੇ ਦੌਰਾਨ ਬੱਚੇ ਨੂੰ ਬੰਦੂਕ ਮਿਲੀ ਤੇ ਉਸ ਨੇ ਗੋਲ਼ੀ ਚਲਾ ਦਿੱਤੀ। ਬੱਚੇ ਤੋਂ ਗੋਲ਼ੀ ਅਣਜਾਣੇ ਵਿੱਚ ਚੱਲੀ, ਜਿਸ ਕਾਰਨ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਰਾਇਨ ਨੇ ਦੱਸਿਆ ਕਿ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਸੁਰੱਖਿਆ ਦੇ ਲਿਹਾਜ਼ ਨਾਲ ਇਹ ਬੰਦੂਕ ਕਿਸੇ ਤੋਂ ਮੰਗ ਕੇ ਲੈਕੇ ਆਇਆ ਸੀ, ਜਿਸ ਦਾ ਲਾਇਸੰਸ ਗ਼ਾਇਬ ਹੈ। ਔਰਤ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ। ਅਮਰੀਕਾ ਵਿੱਚ ਹਥਿਆਰ ਆਮ ਹਨ, ਜਿਸ ਕਰਕੇ ਆਏ ਦਿਨ ਗੋਲ਼ੀਬਾਰੀ ਜਾਂ ਅਣਜਾਣੇ ਵਿੱਚ ਗੋਲ਼ੀ ਚੱਲਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਰਾਇਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਹਥਿਆਰ ਨੂੰ ਸੁਰੱਖਿਆ ਲਈ ਵਰਤਿਆ ਜਾਵੇ ਤੇ ਸੰਭਾਲ ਕੇ ਲੌਕ ਕਰਕੇ ਰੱਖਿਆ ਜਾਵੇ ਤਾਂ ਜੋ ਬੱਚੇ ਇਸ ਨੂੰ ਖਿਡੌਣਾ ਨਾ ਸਮਝਣ।