ਵਾਸ਼ਿੰਗਟਨ: ਅਮਰੀਕਾ ਵਿੱਚ ਫਿਰ ਤੋਂ ਗੋਲ਼ੀਬਾਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਦੇਸ਼ ਦੇ ਸੂਬੇ ਇਲੀਨੋਇਸ ਦੇ ਸ਼ਹਿਰ ਔਰੋਰਾ ਸਥਿਤ ਹੈਨਰੀ ਪਰੈਟ ਸਟੀਲ ਕਾਰਖ਼ਾਨੇ 'ਚ ਵਾਪਰੀ ਇਸ ਘਟਨਾ ਦੌਰਾਨ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਹਮਲਾਵਰ ਵੀ ਸ਼ਾਮਲ ਹੈ, ਜਿਸ ਦੀ ਸ਼ਨਾਖ਼ਤ ਗੈਰੀ ਮਾਰਟਿਨ ਵਜੋਂ ਹੋਈ ਹੈ।


ਗੈਰੀ ਨੂੰ ਉਸ ਦੀ ਭੈਣ ਪਛਾਣਿਆ। ਉਸ ਨੇ ਦੱਸਿਆ ਕਿ ਗੈਰੀ ਪਿਛਲੇ 20 ਸਾਲਾਂ ਤੋਂ ਹੈਨਰੀ ਪਰੈਟ ਦੇ ਕਾਰਖਾਨੇ ਵਿੱਚ ਕੰਮ ਕਰਦਾ ਸੀ, ਪਰ ਦੋ ਕੁ ਹਫ਼ਤੇ ਪਹਿਲਾਂ ਉਸ ਦੀ ਨੌਕਰੀ ਚਲੀ ਗਈ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ।

ਔਰੋਰਾ ਪੁਲਿਸ ਵਿਭਾਗ ਦੀ ਮੁਖੀ ਕ੍ਰਿਸਟਨ ਜਿਮਨ ਨੇ ਦੱਸਿਆ ਕਿ ਸ਼ਿਕਾਗੋ ਤੋਂ ਤਕਰੀਬਨ 40 ਕੁ ਮੀਲ ਦੂਰੀ 'ਤੇ ਸਥਿਤ ਇਸ ਕਾਰਖਾਨੇ 'ਚ ਸ਼ੱਕੀ ਬੰਦੂਕਧਾਰੀ ਗੈਰੀ ਮਾਰਟਿਨ (45) ਨੇ ਕਥਿਤ ਤੌਰ 'ਤੇ ਆਪਣੇ ਸਹਿ ਕਰਮਚਾਰੀਆਂ 'ਤੇ ਗੋਲ਼ੀਆਂ ਚਲਾਈਆਂ। ਇਸ ਦੌਰਾਨ ਉਹ ਵੀ ਮਾਰਿਆ ਗਿਆ। ਹਾਲੇ ਇਹ ਗੱਲ ਸਾਫ ਨਹੀਂ ਹੋਈ ਹੈ ਕਿ ਗੈਰੀ ਨੇ ਖ਼ੁਦ ਆਪਣੀ ਜਾਨ ਲਈ ਹੈ ਜਾਂ ਪੁਲਿਸ ਨਾਲ ਗੋਲ਼ੀਬਾਰੀ ਦੌਰਾਨ ਮਾਰਿਆ ਗਿਆ ਹੈ।