ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਵਿੱਚ 16 ਸਾਲ ਦੇ ਮੁੰਡੇ ਨੇ 61 ਸਾਲ ਭਾਰਤੀ ਬਜ਼ੁਰਗ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਸੁਨੀਲ ਏਡਲਾ ਤੇਲੰਗਾਨਾ ਦੇ ਰਹਿਣ ਵਾਲੇ ਸਨ। ਇਸੇ ਮਹੀਨੇ ਉਨ੍ਹਾਂ ਨੇ ਆਪਣੀ ਮਾਂ ਦਾ 95ਵਾਂ ਜਨਮ ਦਿਨ ਤੇ ਕ੍ਰਿਸਮਸ ਮਨਾਉਣ ਲਈ ਭਾਰਤ ਆਉਣਾ ਸੀ। ਹਾਲੇ ਇਹ ਸਾਫ ਨਹੀਂ ਹੋ ਪਾਇਆ ਕਿ ਮੁਲਜ਼ਮ ਨੇ ਉਨ੍ਹਾਂ ਦਾ ਕਤਲ ਕਿਉਂ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖ਼ਬਰ ਏਜੰਸੀ ਨੇ ਸਥਾਨਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਸੁਨੀਲ ਨੂੰ ਵੈਂਟਨੋਰ ਸ਼ਹਿਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਵੀਰਵਾਰ ਰਾਤ 8 ਵਜੇ (ਸਥਾਨਕ ਸਮੇਂ ਮੁਤਾਬਕ) ਗੋਲ਼ੀ ਮਾਰੀ। ਉਸ ਵੇਲੇ ਉਹ ਨਾਈਟ ਸ਼ਿਫਟ ਕਰਨ ਲਈ ਦਫ਼ਤਰ ਜਾ ਰਹੇ ਹਨ। ਉਹ ਪਿਛਲੇ 30 ਸਾਲਾਂ ਤੋਂ ਅਟਲਾਂਟਿਕ ਕਾਊਂਟੀ ਵਿੱਚ ਰਹਿ ਰਹੇ ਸਨ ਤੇ ਸ਼ਹਿਰ ਦੇ ਹੌਸਪੀਟੈਲਿਟੀ ਉਦਯੋਗ ਵਿੱਚ ਕੰਮ ਕਰਦੇ ਸਨ। ਪੋਸਟਮਾਰਟਮ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਸੁਨੀਲ ਨੂੰ ਕਈ ਗੋਲ਼ੀਆਂ ਮਾਰੀਆਂ ਗਈਆਂ ਜਿਸ ਕਰਕੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਹੈ ਪਰ ਨਾਬਾਲਗ ਹੋਣ ਕਾਰਨ ਉਸ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਉਸ ਉੱਤੇ ਕਤਲ, ਲੁੱਟ, ਕਾਰਜੈਕਿੰਗ ਤੇ ਨਾਜਾਇਜ਼ ਅਧਿਕਾਰ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।