ਮੁੰਬਈ: ਹਾਲੀਵੁੱਡ ਸਿੰਗਰ ਜਸਟਿਨ ਬੀਬਰ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਜਸਟਿਨ ਬੀਬਰ ਖ਼ਬਰਾਂ ‘ਚ ਆ ਗਏ ਹਨ। ਜਸਟਿਨ ਨੇ ਵਿਆਹ ਕਰ ਲਿਆ ਹੈ। ਜੀ ਹਾਂ, ਬੀਬਰ ਨੇ ਆਪਣੀ ਪ੍ਰੇਮਿਕਾ ਹੇਲੀ ਬਾਲਡਵਿਨ ਨਾਲ ਵਿਆਹ ਕਰ ਲਿਆ ਹੈ। ਕੁਝ ਦਿਨ ਪਹਿਲਾਂ ਹੀ ਜਸਟਿਨ ਨੇ ਹੇਲੀ ਨੂੰ ਪ੍ਰੋਪੋਜ਼ ਕੀਤਾ ਸੀ।



ਹਾਲਾਂਕਿ, ਉਨ੍ਹਾਂ ਇਸ ਗੱਲ ਦਾ ਪੜਦਾ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਹ ਖ਼ਬਰ ਬਾਹਰ ਆ ਹੀ ਗਈ। ਖ਼ਬਰਾਂ ਹਨ ਕਿ ਜਸਟਿਨ ਦੇ ਬਾਲਡਵਿਨ ਨਾਲ ਵਿਆਹ ਕਰਵਾਏ ਨੂੰ ਦੋ ਮਹੀਨੇ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਦੋਵਾਂ ਨੂੰ ਮੈਰਿਜ ਕੋਰਟ ਹਾਊਸ ਦੇ ਬਾਹਰ ਸਪੋਟ ਕੀਤਾ ਗਿਆ ਜਿੱਥੇ ਇਹ ਵਿਆਹ ਦੀ ਰਜਿਸਟ੍ਰੇਸ਼ਨ ਲਈ ਆਏ ਸੀ। ਇੱਥੇ ਜਸਟਿਨ ਕੋਲੋਂ ਆਪਣੀ ਖੁਸ਼ੀ ਦੇ ਅੱਥਰੂ ਸਾਂਭੇ ਨਹੀਂ ਜਾ ਸਕੇ ਤੇ ਉਹ ਭਾਵੁਕ ਹੋ ਕੇ ਰੋਣ ਲੱਗ ਪਏ।
ਹੁਣ ਵਿਆਹ ਤੋਂ ਬਾਅਦ ਹੇਲੀ ਨੇ ਆਪਣੇ ਨਾਂਅ ਅੱਗੇ ਬੀਬਰ ਲੱਗਾ ਲਿਆ ਹੈ। ਇਹ ਅਸੀਂ ਨਹੀਂ ਸਗੋਂ ਹੇਲੀ ਦਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਬੋਲ ਰਿਹਾ ਹੈ। ਜੀ ਹਾਂ, ਹੇਲੀ ਬਾਲਡਵਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੇਲੀ ਅੱਗੇ ਬੀਬਰ ਸਰਨੇਮ ਲੱਗਾ ਲਿਆ ਹੈ।



ਬੀਤੇ ਕੁਝ ਦਿਨ ਪਹਿਲਾਂ ਹੀ ਜਸਟਿਨ ਨੇ ਪੋਸਟ ਸ਼ੇਅਰ ਕੀਤੀ ਸੀ ਜਿਸ ‘ਚ ਉਨ੍ਹਾਂ ਲਿਖਿਆ ਸੀ ਕਿ ਹੇਲੀ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ ਹੈ। ਇਸ ਤੋਂ ਇਲਾਵਾ ਜਸਟਿਨ ਇੱਕ ਪੋਸਟ ‘ਚ ਹੇਲੀ ਨੂੰ ਆਪਣੀ ਪਤਨੀ ਵੀ ਕਹਿ ਚੁੱਕੇ ਹਨ ਅਤੇ ਹੁਣ ਹੇਲੀ ਦਾ ਆਪਣੇ ਨਾਂਅ ਨੂੰ ਲੈ ਕੇ ਕੀਤਾ ਗਿਆ ਬਦਲਾਅ ਵੀ ਇਸ ਖ਼ਬਰ ‘ਤੇ ਆਪਣੀ ਮੁਹਰ ਲਾਉਂਦਾ ਹੈ।